Three people died in Amritsar : ਪੰਜਾਬ ’ਚ ਕੋਰੋਨਾ ਦਾ ਕਹਿਰ ਅਤਿ ’ਤੇ ਪਹੁੰਚ ਗਿਆ ਹੈ। ਅੱਜ ਇਕੋ ਹੀ ਦਿਨ ਸੂਬੇ ਵਿਚ ਪੰਜ ਮੌਤਾਂ ਹੋ ਗਈਆਂ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਨਾਲ ਤਿੰਨ ਲੋਕਾਂ ਨੇ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਤਰਨਤਾਰਨ ਤੇ ਪਟਿਆਲਾ ’ਚ ਵੀ ਕੋਰੋਨਾ ਨਾਲ ਦੋ ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਨਾਲ ਮਰਨ ਵਾਲੇ ਕਿਸ਼ੋਰ ਕੁਮਾਰ ਖੰਨਾ, ਕਮਲੇਸ਼ ਸ਼ਰਮਾ ਅਤੇ ਸੁਰੇਸ਼ ਚੋਪੜਾ ਦੀ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਸਨ। ਇਨ੍ਹਾਂ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਅੱਜ ਇਨ੍ਹਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ 70 ਸਾਲਾ ਕਮਲ ਕਿਸ਼ੋਰ ਖੰਨਾ ਕਟਰਾ ਸਫੈਦ ਲਾਹੌਰ ਗੇਟ, 75 ਸਾਲਾ ਕਮਲੇਸ਼ ਸ਼ਰਮਾ ਸੱਟਾ ਵਾਲੀ ਲਾਹੌਰੀ ਗੇਟ ਤੇ 67 ਸਾਲਾ ਸੁਰੇਸ਼ ਚੋਪੜਾ ਰਾਮਦਾਸ ਐਵੇਨਿਊ ਮਜੀਠਾ ਰੋਡ ਦੇ ਵਸਨੀਕ ਸਨ। ਇਨ੍ਹਾਂ ਤਿੰਨ ਮਰੀਜ਼ਾਂ ਦੀ ਇਕੋ ਹੀ ਦਿਨ ਮੌਤ ਹੋ ਜਾਣ ਨਾਲ ਜ਼ਿਲੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹੁਣ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ 10 ਨਵੇਂ ਮਾਮਲੇ ਸਾਹਮਣੇ ਆਏ ਹਨ।
ਤਰਨਤਾਰਨ ਵਿਚ ਕੋਰੋਨਾ ਵਾਇਰਸ ਨਾਲ ਅੱਜ ਦੂਜੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਥੇ ਅੱਜ ਪੰਜਾਬ ਪੁਲਿਸ ਦੇ ਏਐਸਆਈ 55 ਸਾਲਾ ਸੁਖਦਿਆਲ ਸਿੰਘ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਦੱਸਣਯੋਗ ਹੈ ਕਿ ਏਐਸਆਈ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ਵਿਚ ਹੀ ਚਲ ਰਿਹਾ ਸੀ। ਇਸ ਤੋਂ ਇਲਾਵਾ ਅੱਜ ਤਰਨਤਾਰਨ ’ਚ ਦੋ ਹੋਰ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਹੁਣ ਤੱਕ ਤਰਨਤਾਰਨ ਵਿਚ ਕੋਰੋਨਾ ਦੇ 177 ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਉਧਰ ਪਟਿਆਲਾ ਦੇ ਮਾਲੇਰਕੋਟਲਾ ਵਿਚ 65 ਸਾਲਾ ਵਿਅਕਤੀ ਨੇ ਰਜਿੰਦਰਾ ਹਸਪਤਾਲ ਵਿਚ ਦਮ ਤੋੜ ਦਿੱਤਾ। ਇਸ ਵਿਅਕਤੀ ਨੂੰ ਬੀਮਾਰ ਹੋਣ ਕਾਰਨ 3 ਜੂਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਪਟਿਆਲਾ ਵਿਚ ਕੋਰੋਨਾ ਨਾਲ ਹੋਣ ਵਾਲੀ ਤੀਸਰੀ ਮੌਤ ਹੈ।