Three people reported Corona : ਜਲੰਧਰ ਜ਼ਿਲੇ ’ਚ ਕੋਰੋਨਾ ਵਾਇਰਸ ਲਗਭਗ ਰੋਜ਼ਾਨਾ ਹੀ ਨਵੇਂ ਸਾਹਮਣੇ ਆ ਰਹੇ ਹਨ। ਅੱਜ ਐਤਵਾਰ ਜ਼ਿਲੇ ਵਿਚ ਤਿੰਨ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚੋਂ ਜਲੰਧਰ ਜ਼ਿਲੇ ਦਾ ਇਕ ਹੀ ਮਾਮਲਾ ਹੈ, ਜਦਕਿ ਬਾਕੀ ਦੋ ਵਿਚੋਂ ਇਕ ਅੰਮ੍ਰਿਤਸਰ ਦੇ ਬਾਬਾ ਬਕਾਲਾ ਤੇ ਇਕ ਹਿਮਾਚਲ ਪ੍ਰਦੇਸ਼ ਦੇ ਊਨਾ ਦਾ ਹੈ। ਦੱਸਣਯੋਗ ਹੈ ਕਿ ਜਲੰਧਰ ਜ਼ਿਲੇ ਦੇ ਜਿਸ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਉਹ ਮਹਿੰਦਰੂ ਮੁਹੱਲੇ ਨਾਲ ਸਬੰਧਤ ਹੈ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 330 ਹੋ ਗਈ ਹੈ।
ਦੱਸਣਯੋਗ ਹੈ ਕਿ ਸਵੇਰੇ ਸਿਹਤ ਵਿਭਾਗ ਨੂੰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਮਿਲੀਆਂ ਰਿਪੋਰਟਾਂ ਨਾਲ ਕੁਝ ਰਾਹਤ ਮਿਲੀ ਹੈ, ਜਿਸ ਵਿਚ 610 ਲੋਕਾਂ ਦੇ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦੇਈਏ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 11 ਹੋ ਚੁੱਕੀ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਜਲੰਧਰ ਵਿਚ ਛੇ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਜਿਨ੍ਹਾਂ ਵਿਚੋਂ ਇਕ ਲੰਮਾ ਪਿੰਡ ਦਾ 40 ਸਾਲਾ ਵਿਅਕਤੀ, ਭਗਤ ਸਿੰਘ ਕਾਲੋਨੀ ਵਿਚ ਰਹਿਣ ਵਾਲਾ ਸਬਜ਼ੀ ਵੇਚਣ ਵਾਲਾ 42 ਸਾਲਾ ਵਿਅਕਤੀ, ਟੈਗੋਰ ਨਗਰ ’ਚ ਰਹਿਣ ਵਾਲੀ 26 ਸਾਲਾ ਇਕ ਮੁਟਿਆਰ, ਕਪੂਰਥਲਾ ਰੋਡ ’ਤੇ ਸਪੇਅਰ ਪਾਰਟ ਦੀ ਦੁਕਾਨ ’ਤੇ ਕੰਮ ਕਰਨ ਵਾਲਾ 24 ਸਾਲਾ ਨੌਜਵਾਨ, ਬਸ਼ੀਰਪੁਰਾ ਵਿਚ ਰਹਿਣ ਵਾਲਾ 28 ਸਾਲਾ ਨੌਜਵਾਨ ਅਤੇ ਗੋਪਾਲ ਨਗਰ ਪੀਲੀ ਕੋਠੀ ਵਿਚ ਰਹਿਣ ਵਾਲਾ 46 ਸਾਲਾ ਧਰਮ ਪ੍ਰਚਾਰਕ ਵੀ ਸ਼ਾਮਲ ਹਨ।