Three Sikhs arrested in UK : ਲੰਡਨ : ਬ੍ਰਿਟੇਨ ਦੀ ਵੈਸਟ ਮਿਡਲੈਂਡ ਪੁਲਿਸ ਨੇ ਭਾਰਤੀ ਮੂਲ ਦੇ ਤਿੰਨ ਬ੍ਰਿਟਿਸ਼ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ਨੂੰ ਪੰਜਾਬ ਦੇ ਹਾਈ ਪ੍ਰੋਫਾਈਲ ਰੁਲਦਾ ਸਿੰਘ ਕਤਲ ਕੇਸ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਰੁਲਦਾ ਸਿੰਘ ਆਰਐਸਐਸ ਨਾਲ ਜੁੜੀ ਸੰਸਥਾ ਰਾਸ਼ਟਰੀ ਸਿੱਖ ਸੰਗਤ ਦੇ ਰਾਸ਼ਟਰੀ ਮੁਖੀ ਸਨ। ਵੈਸਟ ਮਿਡਲੈਂਡ ਪੁਲਿਸ ਨੇ ਸੋਮਵਾਰ ਨੂੰ ਤਿੰਨਾਂ ਖਾਲਿਸਤਾਨੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਤਿੰਨਾਂ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਗਿਆ ਹੈ ਜਿਥੇ ਉਨ੍ਹਾਂ ਖਿਲਾਫ ਭਾਰਤ ਹਵਾਲਗੀ ਲਈ ਸੁਣਵਾਈ ਹੋਵੇਗੀ। ਵੀਰਵਾਰ ਨੂੰ ਵੈਸਟਲੈਂਡ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਸ਼ਰਨਬੀਰ ਸਿੰਘ ਵਹੀਵਾਲਾ (37) ਅਤੇ ਉਸਦੇ ਭਰਾ ਅੰਮ੍ਰਿਤਬੀਰ ਸਿੰਘ ਵਹੀਵਾਲਾ (40) ਨੂੰ ਕਾਵੈਂਟਰੀ ਤੋਂ ਗ੍ਰਿਫਤਾਰ ਕੀਤਾ ਹੈ, ਜਦੋਂਕਿ ਪਿਆਰਾ ਸਿੰਘ ਗਿੱਲ (38) ਨੂੰ ਵਾਲਵਰਹੈਂਪਟਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਤਿੰਨਾਂ ਵਿਰੁੱਧ ਵੈਸਟਮਿੰਸਟਰ ਕੋਰਟ ਤੋਂ ਹਵਾਲਗੀ ਵਾਰੰਟ ਜਾਰੀ ਹੋਣ ਤੋਂ ਬਾਅਦ ਵੈਸਟਲੈਂਡ ਪੁਲਿਸ ਨੇ ਗ੍ਰਿਫਤਾਰੀ ਦੀ ਕਾਰਵਾਈ ਕੀਤੀ ਹੈ। ਭਾਰਤ ਨੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਾਉਂਦਿਆਂ ਤਿੰਨਾਂ ਖ਼ਿਲਾਫ਼ ਹਵਾਲਗੀ ਦੀ ਮੰਗ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਤਿੰਨਾਂ ਨੂੰ ਸਾਲ 2009 ਵਿੱਚ ਭਾਰਤ ਵਿੱਚ ਹੋਏ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਵੈਸਟਲੈਂਡ ਪੁਲਿਸ ਨੇ ਕਿਹਾ ਕਿ ਇਹ ਤਿਕੜੀ ਹਵਾਲਗੀ ਦੀ ਕਾਰਵਾਈ ਦੇ ਸਬੰਧ ਵਿੱਚ ਵੈਸਟਮਿੰਸਟਰ ਕੋਰਟ ਵਿੱਚ ਪੇਸ਼ ਹੋਈ। ਤਿੰਨਾਂ ਨੂੰ ਮੁਸ਼ਕਲ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਗਈ ਹੈ।
ਬ੍ਰਿਟੇਨ ਵਿਚ ਗ੍ਰਿਫਤਾਰ ਗੁਰਸ਼ਰਨਬੀਰ, ਜਗਤਾਰ ਸਿੰਘ ਜੌਹਲ ਦਾ ਰਿਸ਼ਤੇਦਾਰ ਹੈ ਜੋ ਆਰਐਸਐਸ ਦੇ ਕਈ ਨੇਤਾਵਾਂ ਦੀ ਹੱਤਿਆ ਦੇ ਦੋਸ਼ ਵਿਚ ਭਾਰਤ ਵਿਚ ਬੰਦ ਹੈ। ਗੁਰਸ਼ਰਨ ਅਤੇ ਉਸਦਾ ਭਰਾ ਜਗਤਾਰ ਸਿੰਘ ਦੀ ਆਜ਼ਾਦੀ ਲਈ ਮੁਹਿੰਮ ਚਲਾ ਚੁੱਕੇ ਹਨ। ਪੰਜਾਬ ਪੁਲਿਸ ਅਤੇ ਐਨਆਈਏ ਪੰਜਾਬ ਵਿੱਚ ਹੋ ਰਹੇ ਕਈ ਕਤਲਾਂ ਦੇ ਸਬੰਧ ਵਿੱਚ ਗੁਰਸ਼ਰਨਬੀਰ ਦੀ ਭਾਲ ਕਰ ਰਹੇ ਹਨ। ਗੁਰਸ਼ਰਨ ਨੂੰ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੈਂਬਰ ਵੀ ਕਿਹਾ ਜਾਂਦਾ ਹੈ। ਕਈ ਸਿੱਖ ਸੰਗਠਨਾਂ ਨੇ ਸੋਮਵਾਰ ਨੂੰ ਗੁਰਸ਼ਰਨ ਦੇ ਘਰ ‘ਤੇ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਯੂਕੇ ਸਿੱਖ ਫੈਡਰੇਸ਼ਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਵੇਰ ਦੀ ਕਾਰਵਾਈ ਕਰਦਿਆਂ ਘਰ ਵਿੱਚ ਔਰਤਾਂ ਅਤੇ ਬੱਚੇ ਡਰੇ ਹੋਏ ਹਨ।
ਦੱਸਣਯੋਗ ਹੈ ਕਿ ਰੁਲਦਾ ਸਿੰਘ ਰਾਸ਼ਟਰੀ ਸਵੈ ਸੇਵਕ ਦੀ ਸਿੱਖ ਇਕਾਈ, ਰਾਸ਼ਟਰੀ ਸਿੰਘ ਸੰਗਤ ਦੇ ਮੁਖੀ ਸਨ। ਰੁਲਦਾ ਸਿੰਘ ਨੂੰ 28 ਜੁਲਾਈ 2009 ਨੂੰ ਪਟਿਆਲੇ ਵਿੱਚ ਉਨ੍ਹਾਂ ਦੇ ਘਰ ਦੇ ਸਾਹਮਣੇ ਗੋਲੀ ਮਾਰ ਦਿੱਤੀ ਗਈ ਸੀ। ਦੋ ਹਫ਼ਤਿਆਂ ਬਾਅਦ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ । ਪੰਜਾਬ ਪੁਲਿਸ ਨੇ ਪਹਿਲਾਂ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਸਤੰਬਰ ਵਿੱਚ ਪੁਲਿਸ ਨੇ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੂੰ ਸਾਲ 2015 ਵਿੱਚ ਪਟਿਆਲਾ ਦੀ ਇੱਕ ਅਦਾਲਤ ਨੇ ਬਰੀ ਕਰ ਦਿੱਤਾ ਸੀ। ਕੌਮੀ ਸਿੱਖ ਸੰਗਤ ਦੇ ਮੁਖੀ ਵਜੋਂ, ਉਨ੍ਹਾਂ ਨੇ ਬ੍ਰਿਟੇਨ ਸਣੇ ਕਈ ਦੇਸ਼ਾਂ ਦੀ ਯਾਤਰਾ ਕੀਤੀ ਸੀ ਅਤੇ ਉਥੇ ਰਹਿੰਦੇ ਸਿੱਖਾਂ ਨੂੰ ਭਾਰਤ ਵਾਪਸ ਲਿਆਉਣ ਲਈ ਲੰਮੇ ਸਮੇਂ ਤੱਕ ਕੰਮ ਕੀਤਾ ਸੀ। ਬਹੁਤ ਸਾਰੇ ਕੱਟੜਪੰਥੀ ਸਿੱਖ ਉਨ੍ਹਾਂ ਤੋਂ ਨਾਰਾਜ਼ ਸਨ।