ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਦੇ ਬਾਹਰ ਨਸ਼ਿਆਂ ਦੀ ਵਿਕਰੀ ਦਾ ਮੁੱਦਾ ਬਾਲ ਸੰਸਦ ਵਿੱਚ ਉਠਾਏ ਜਾਣ ਤੋਂ ਬਾਅਦ ਅਹਿਮ ਹੁਕਮ ਜਾਰੀ ਕੀਤੇ ਹਨ। ਯੂਟੀ ਦੇ ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਵਿੱਚ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਚੰਡੀਗੜ੍ਹ ਦੇ ਸਕੂਲਾਂ ਦੇ 100 ਮੀਟਰ ਦੇ ਘੇਰੇ ਵਿੱਚ ਤੰਬਾਕੂ ਉਤਪਾਦ ਨਾ ਵੇਚੇ ਜਾਣ। ਇਹ ਹੁਕਮ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਜਾਰੀ ਕੀਤੇ ਗਏ ਹਨ।
ਇਸ ਦੇ ਨਾਲ ਹੀ ਇਹ ਕਿਹਾ ਗਿਆ ਹੈ ਕਿ ਤੰਬਾਕੂ ਮੁਕਤ ਵਿੱਦਿਅਕ ਸੰਸਥਾ ਗਾਈਡਲਾਈਨਜ਼ ਰਿਵਾਈਜ਼ਡ (ToFEI), 2020 ਨੂੰ ਲਾਗੂ ਕੀਤਾ ਜਾਵੇ। ਬੀਤੀ 18 ਦਸੰਬਰ ਨੂੰ ਬਾਲ ਸੰਸਦ ਵਿੱਚ ਇਹ ਮੁੱਦਾ ਉਠਾਇਆ ਗਿਆ ਸੀ।
ਸਿੱਖਿਆ ਸਕੱਤਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਦੇ ਆਲੇ-ਦੁਆਲੇ ਅਚਨਚੇਤ ਚੈਕਿੰਗ ਕੀਤੀ ਜਾਵੇ। ਇਹ ਜਾਣਕਾਰੀ ਚੰਡੀਗੜ੍ਹ ਪੁਲੀਸ ਨਾਲ ਵੀ ਸਾਂਝੀ ਕੀਤੀ ਜਾਵੇ ਤਾਂ ਜੋ ਪੁਲਿਸ ਦਾ ਸਹਿਯੋਗ ਲਿਆ ਜਾ ਸਕੇ।
ਦੱਸ ਦੇਈਏ ਕਿ ਚਾਈਲਡ ਪਾਰਲੀਮੈਂਟ ਵਿੱਚ ਪੈਨਲਿਸਟ ਰਹੇ ਸਮਾਜ ਸੇਵਕ ਅਮਿਤ ਸ਼ਰਮਾ ਨੇ ਚੰਡੀਗੜ੍ਹ ਦੇ ਸਲਾਹਕਾਰ, ਡੀਜੀਪੀ, ਐਸਐਸਪੀ ਅਤੇ ਸਿੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਸੀ। ਇਹ ਬਾਲ ਸੰਸਦ ਚੰਡੀਗੜ੍ਹ ਅਰਬਨ ਫੈਸਟੀਵਲ ਅਤੇ ਡੌਨ ਬਾਸਕੋ ਨਵਜੀਵਨ ਸੁਸਾਇਟੀ ਵੱਲੋਂ ਕਰਵਾਈ ਗਈ।
ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਕੁੱਲ 113 ਸਰਕਾਰੀ ਸਕੂਲ ਹਨ ਅਤੇ ਇਨ੍ਹਾਂ ਵਿੱਚੋਂ 43 ਸੀਨੀਅਰ ਸੈਕੰਡਰੀ ਸਕੂਲ ਹਨ। ਇੱਥੇ 54 ਹਾਈ ਸਕੂਲ ਅਤੇ 12 ਮਿਡਲ ਸਕੂਲ ਹਨ। ਇਸ ਤੋਂ ਇਲਾਵਾ 4 ਪ੍ਰਾਇਮਰੀ ਸਕੂਲ ਹਨ। ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੀ TOFEI ਦੇ ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਦਿੱਤੇ ਸਨ।
ਇਹ ਵੀ ਪੜ੍ਹੋ : ਮੂਸੇਵਾਲਾ ਦੇ ਘਰ ਪਹੁੰਚੇ ਚੰਨੀ ਹੱਥ ਪੁਲਿਸ ਨੇ ਫੜਾਇਆ ਸੰਮਨ, 12 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ
ਪੱਤਰ ਵਿੱਚ ਕਿਹਾ ਗਿਆ ਕਿ ਸ਼ਹਿਰ ਭਰ ਦੇ ਬੱਚੇ ਸਵਾਲ ਕਰ ਰਹੇ ਹਨ ਕਿ ਸਕੂਲਾਂ ਦੇ ਬਾਹਰ ਨਸ਼ਾ ਵੇਚਿਆ ਜਾ ਰਿਹਾ ਹੈ। ਉਕਤ ਸਕੂਲਾਂ ਵਿੱਚ ਡੰਮੀ ਦਾਖਲੇ ਕੀਤੇ ਜਾ ਰਹੇ ਹਨ। ਕੁਝ ਪਰਿਵਾਰ ਵਾਲੇ ਬੱਚਿਆਂ ਨਾਲ ਬਦਸਲੂਕੀ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਦਬਾ ਰਹੇ ਹਨ। ਅਜਿਹੇ ਵਿੱਚ ਸਕੂਲਾਂ ਦੇ ਬਾਹਰ ਚੈਕਿੰਗ ਵਧਾ ਕੇ ਬੱਚਿਆਂ ਨੂੰ ਨਸ਼ਿਆਂ ਦੇ ਸੰਕਟ ਤੋਂ ਬਚਾਇਆ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਮੰਗ ਕੀਤੀ ਗਈ ਕਿ ਪੁਲਿਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਸਕੂਲਾਂ ਵਿੱਚ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸੁਰੱਖਿਆ ਅਤੇ ਪੜ੍ਹਾਈ ਨਾਲ ਸਬੰਧਤ ਮਸਲਿਆਂ ਨੂੰ ਸਮਝਣ। ਇਸ ਨਾਲ ਬੱਚਿਆਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: