WWE ਦੇ ਮਸ਼ਹੂਰ ਪਹਿਲਵਾਨ ਦਲੀਪ ਰਾਣਾ ਉਰਫ ਦਿ ਗ੍ਰੇਟ ਖਲੀ ‘ਤੇ ਟੋਲ ਵਰਕਰ ਨੇ ਥੱਪੜ ਮਾਰਨ ਦਾ ਦੋਸ਼ ਲਗਾਇਆ ਹੈ। ਟੋਲ ਕਰਮਚਾਰੀਆਂ ਨੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਇਸ ਤੋਂ ਬਾਅਦ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਖਲੀ ਨੂੰ ਸੁਰੱਖਿਅਤ ਬਾਹਰ ਕੱਢਿਆ।
ਟੋਲ ਕਰਮਚਾਰੀਆਂ ਦਾ ਕਹਿਣਾ ਹੈ ਕਿ ਖਲੀ ਨੇ ਆਈਡੀ ਮੰਗਣ ‘ਤੇ ਉਸ ਨੂੰ ਥੱਪੜ ਮਾਰਿਆ, ਜਦਕਿ ਖਲੀ ਦਾ ਕਹਿਣਾ ਹੈ ਕਿ ਟੋਲ ਕਰਮਚਾਰੀ ਕਾਰ ‘ਚ ਬੈਠ ਕੇ ਫੋਟੋ ਖਿਚਵਾਉਣ ‘ਤੇ ਜ਼ੋਰ ਦੇ ਰਹੇ ਸਨ। ਉਨ੍ਹਾਂ ਟੋਲ ਕਰਮਚਾਰੀਆਂ ‘ਤੇ ਦੁਰਵਿਵਹਾਰ ਕਰਨ ਦਾ ਵੀ ਦੋਸ਼ ਲਾਇਆ। ਲੁਧਿਆਣਾ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਨੇ ਸ਼ਿਕਾਇਤ ਨਹੀਂ ਕੀਤੀ ਹੈ। ਇਸ ਪੂਰੇ ਮਾਮਲੇ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ।
ਖਲੀ ਨੇ ਦੱਸਿਆ ਕਿ ਉਹ ਜਲੰਧਰ ਤੋਂ ਕਰਨਾਲ ਜਾ ਰਹੇ ਸੀ। ਇਸ ਦੌਰਾਨ ਫਿਲੌਰ ਨੇੜੇ ਲਾਡੋਵਾਲ ਟੋਲ ਪਲਾਜ਼ਾ ’ਤੇ ਮੁਲਾਜ਼ਮ ਉਸ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਸਨ। ਉਹ ਕਾਰ ਦੇ ਅੰਦਰ ਬੈਠ ਕੇ ਫੋਟੋ ਖਿਚਵਾਉਣ ਲਈ ਕਹਿ ਰਿਹਾ ਸੀ। ਜਦੋਂ ਉਨ੍ਹਾਂ ਇਨਕਾਰ ਕੀਤਾ ਤਾਂ ਕਰਮਚਾਰੀਆਂ ਨੇ ਬਦਤਮੀਜ਼ੀ ਕੀਤਾ ਗਿਆ।
ਦਿ ਗ੍ਰੇਟ ਖਲੀ ਮਸ਼ਹੂਰ ਕੁਸ਼ਤੀ ਮੁਕਾਬਲੇ WWE ਦੇ ਚੈਂਪੀਅਨ ਰਹਿ ਚੁੱਕੇ ਹਨ। ਉਹ ਹੁਣ ਜਲੰਧਰ ਵਿੱਚ ਆਪਣੀ ਕਾਂਟੀਨੈਂਟਲ ਰੈਸਲਿੰਗ ਅਕੈਡਮੀ (CWE) ਚਲਾ ਰਹੇ ਹਨ, ਜਿੱਥੇ ਉਹ ਨਵੇਂ ਪਹਿਲਵਾਨਾਂ ਨੂੰ ਤਿਆਰ ਕਰ ਰਹੇ ਹਨ। ਉਹ ਪੰਜਾਬ ਚੋਣਾਂ ਤੋਂ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋਏ ਸਨ, ਹਾਲਾਂਕਿ ਉਨ੍ਹਾਂ ਨੇ ਕੋਈ ਚੋਣ ਨਹੀਂ ਲੜੀ।
ਵੀਡੀਓ ਲਈ ਕਲਿੱਕ ਕਰੋ -: