Tragic death of a woman : ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ। ਇਥੇ ਕਣਕ ਪੀਹਦੇ ਸਮੇਂ ਔਰਤ ਦੀ ਚੱਕੀ ਵਿੱਚ ਵਾਲ ਫਸਣ ਕਾਰਨ ਮੌਤ ਹੋ ਗਈ। ਹਾਦਸੇ ਦੇ ਸਮੇਂ ਔਰਤ ਘਰ ਵਿੱਚ ਇਕੱਲੀ ਸੀ। ਜਦੋਂ ਮਿੱਲ ਵਿਖੇ ਆਟਾ ਲੈਣ ਆਏ ਨੌਜਵਾਨ ਨੇ ਔਰਤ ਨੂੰ ਲਹੂਲੁਹਾਨ ਹਾਲਤ ਵਿੱਚ ਵੇਖਿਆ ਤਾਂ ਉਸਦੇ ਹੋਸ਼ ਉੱਡ ਗਏ। ਰੌਲਾ ਪਾਉਣ ‘ਤੇ ਪਿੰਡ ਵਾਸੀਆਂ ਦੀ ਭੀੜ ਮੌਕੇ ‘ਤੇ ਇਕੱਠੀ ਹੋ ਗਈ। ਰਾਤ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਰਸਤੇ ਵਿੱਚ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਸੇਖਵਾਂ ਦੀ ਰਹਿਣ ਵਾਲੀ ਬਲਜੀਤ ਕੌਰ ਆਪਣੇ ਘਰ ਵਿੱਚ ਚੱਕੀ ‘ਤੇ ਕਣਕ ਪੀਹ ਰਹੀ ਸੀ। ਉਸਦਾ ਪਤੀ ਕੁਲਦੀਪ ਸਿੰਘ ਕਿਤੇ ਬਾਹਰ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਬਲਜੀਤ ਕੌਰ ਦੇ ਵਾਲ ਖੁੱਲ੍ਹੇ ਸਨ। ਕਣਕ ਨੂੰ ਪੀਹਦੇ ਸਮੇਂ ਉਸ ਦੇ ਵਾਲ ਆਟੇ ਦੀ ਚੱਕੀ ਵਿਚ ਫਸ ਗਏ, ਜਿਸ ਕਾਰਨ ਉਸ ਦਾ ਸਿਰ ਆਟੇ ਦੀ ਚੱਕੀ ਨਾਲ ਬੁਰੀ ਤਰ੍ਹਾਂ ਟਕਰਾ ਗਿਆ।
ਲਹੂ ਨਾਲ ਲਥਪਥ ਔਰਤ ਨੂੰ ਇਲਾਜ ਲਈ ਤਲਵੰਡੀ ਭਾਈ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਮੋਗਾ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਜ਼ਿਲ੍ਹਾ ਹਸਪਤਾਲ ਲਿਜਾਂਦੇ ਸਮੇਂ ਉਸਦੀ ਮੌਤ ਹੋ ਗਈ।
ਪੁਲਿਸ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਹ ਪਹਿਲੀ ਨਜ਼ਰ ਤੋਂ ਲੱਗਦਾ ਹੈ ਕਿ ਔਰਤ ਦੀ ਹਾਦਸੇ ਕਾਰਨ ਮੌਤ ਹੋ ਗਈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।