Trial of Indigenous Rapid Kit : ਮੋਹਾਲੀ : ਕੋਰੋਨਾ ਇਨਫੈਕਸ਼ਨ ਦੀ ਮੁੱਢਲੀ ਜਾਂਚ ਲਈ ਸਵਦੇਸ਼ੀ ਰੈਪਿਡ ਟੈਸਟਿੰਗ ਕਿਟ ਦੀ ਖੋਜ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਗੰਧ ’ਤੇ ਆਧਾਰਿਤ ਇਸ ਕਿਟ ਦੇ ਕਲੀਨਿਕਲ ਟ੍ਰਾਇਲ ਦੀ ਸਫਲਤਾ ਤੋਂ ਬਾਅਦ ਹੁਣ ਮਾਸ ਟੈਸਟਿੰਗ ਦੀ ਤਿਆਰੀ ਕੀਤੀ ਜਾ ਰਹੀ ਹੈ। ਪੰਜ ਟੈਬਲੇਟ ਵਾਲੀ ਇਸ ਕਿਟ ਨੂੰ ਨੈਸਨਲ ਐਗਰੀ-ਫੂਡ ਬਾਇਓ ਟਕਨਾਲੋਜੀ ਇੰਸਟੀਚਿਊਟ (ਨਾਬੀ) ’ਚ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਦੀ ਟੀਮ ਵੱਲੋਂ ਵੀ ਸਹਿਯੋਗ ਕੀਤਾ ਜਾ ਰਿਹਾ ਹੈ।
ਹਾਲਾਂਕਿ ਕੇਂਦਰ ਸਰਕਾਰ ਦੀ ਮਨਜ਼ੂਰੀ ਤੇ ਉਦਯੋਗਿਕ ਉਤਪਾਦਨ ਤੋਂ ਬਾਅਦ ਇਹ ਆਮ ਲੋਕਾਂ ਤੱਕ ਪਹੁੰਚ ਸਕੇਗੀ। ਇਸ ਵਿਚ ਲਗਭਗ 3 ਤੋਂ 4 ਮਹੀਨੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਮੋਹਾਲੀ ਦੇ ਨਾਬੀ ’ਚ ਗੰਧ ’ਤੇ ਆਧਾਰਤ ਕੋਵਿਡ-19 ਰੈਪਿਡ ਟੈਸਟਿੰਗ ਕਿਟ ਤਿਆਰ ਕੀਤੀ ਜਾ ਰਹੀ ਹੈ। ਇਹ ਪ੍ਰਾਜੈਕਟ ਨਾਬੀ ਦੇ ਵਿਗਿਆਨੀ ਡਾ. ਮਹਿੰਦਰ ਵਿਸ਼ਨੋਈ ਦਾ ਹੈ। ਇਸ ਵਿਚ ਉਨ੍ਹਾਂ ਦੀ ਟੈਕਨੀਕਲ ਟੀਮ ਤੋਂ ਇਲਾਵਾ ਪੀਜੀਆਈ ਦੇ ਡਾਕਟਰ ਸਹਿਯੋਗ ਕਰ ਰਹੇ ਹਨ। ਇਸ ਪ੍ਰਾਜੈਕਟ ਦਾ ਰਿਸਰਚ ਵਰਕ ਲਗਭਗ ਪੂਰਾ ਹੋ ਚੁੱਕਾ ਹੈ।
ਇਸ ਰੈਪਿਡ ਟੈਸਟਿੰਗ ਕਿਟ ਵਿਚ ਪੰਜ ਟੈਬਲੇਟ ਹੋਣਗੀਆਂ, ਜਿਨ੍ਹਾਂ ਨੂੰ ਰਸੋਈ ਤੇ ਘਰ ਵਿਚ ਆਮ ਤੌਰ ’ਤੇ ਇਸਤੇਮਾਲ ਹੋਣ ਵਾਲੇ ਮਸਾਲਿਆਂ ਤੇ ਖੁਰਾਕੀ ਪਦਾਰਥਾਂ ਨਾਲ ਤਿਆਰ ਕੀਤਾ ਗਿਆ ਹੈ। ਸ਼ੁਰੂਆਤ ਵਿਚ ਇਸ ਕਿਟ ਵਿਚ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਨੂੰ ਉਨ੍ਹਾਂ ਦੇ ਮੂਲ ਰੂਪ ਵਿਚ ਲਿਆਇਆ ਗਿਆ ਸੀ। ਇਸ ਤੋਂ ਬਾਅਦ ਕੁਝ ਕਮੀਆਂ ਤੇ ਸਵਾਲ ਸਾਹਮਣੇ ਆਏ ਸਨ, ਜਿਸ ’ਤੇ ਰਿਸਰਚ ਤੋਂ ਬਾਅਦ ਲੈਬ ਵਿਚ ਇਨ੍ਹਾਂ ਚੀਜ਼ਾਂ ਦੇ ਸ਼ੁੱਧ ਵਰਜ਼ਨ ਤਿਆਰ ਕੀਤੇ ਗਏ ਅਤੇ ਉਨ੍ਹਾਂ ਨੂੰ ਪੰਜ ਵੱਖ-ਵੱਖ ਟੈਬਲੇਟ ਦੀ ਸ਼ਕਲ ਦਿੱਤੀ ਗਈ।