Twelve new positive cases of Corona : ਫਰੀਦਕੋਟ : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਫਰੀਦਕੋਟ ਜ਼ਿਲੇ ਵਿਚ ਵੀ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੱਜ ਜ਼ਿਲੇ ਵਿਚ ਕੋਰੋਨਾ ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 167 ਹੋ ਗਈ ਹੈ। ਸਿਵਲ ਸਰਜਨ ਫਰੀਦਕੋਟ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ 167 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 115 ਲੋਕਾਂ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਕੋਰੋਨਾ ਦੇ 53 ਮਾਮਲੇ ਅਜੇ ਵੀ ਸਰਗਰਮ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੁਣ ਤੱਕ ਸਾਹਮਣੇ ਆਏ ਪਾਜ਼ੀਟਿਵ ਮਾਮਲਿਆਂ ਵਿਚੋਂ 10 ਮਾਮਲੇ ਦੂਸਰੇ ਜ਼ਿਲਿਆਂ ਨਾਲ ਸਬੰਧਤ ਹਨ।
ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 11796 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 11125 ਲੋਕਾਂ ਦੀਆਂ ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ ਹਨ, ਜਦਕਿ 383 ਰਿਪੋਰਟਾਂ ਦੇ ਨਤੀਜਿਆਂ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ। ਪਾਜ਼ੀਟਿਵ ਆਏ ਮਰੀਜ਼ਾਂ ਵਿਚੋਂ 28 ਮਰੀਜ਼ਾਂ ਨੂੰ ਆਦੇਸ਼ ਕਾਲਜ ਸੀ.ਸੀ.ਸੀ. ਵਿਖੇ ਰਖਿਆ ਗਿਆ ਹੈ, ਜਿਨ੍ਹਾਂ ਵਿਚੋਂ ਇਕ ਮਰੀਜ਼ ਗੁਰਦਾਸਪੁਰ ਨਾਲ ਸਬੰਧਤ ਹੈ।
ਉਥੇ ਹੀ ਦੋ ਮਰੀਜ਼ਾਂ ਨੂੰ ਸੀਐਚਸੀ ਬਾਜਾਖਾਨਾ ਵਿਚ ਲੈਵਲ-2 ਦੀ ਫਸੀਲਿਟੀ ਅਧੀਨ ਰਖਿਆ ਗਿਆ ਹੈ। 22 ਮਰੀਜ਼ਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਾਸਪੀਟਲ ਦੇ ਆਈਸੋਲੇਸ਼ਨ ਵਾਰਡ ਵ ਰਖਿਆ ਗਿਆ ਹੈ, ਜਦਕਿ ਇਕ ਮਰੀਜ਼ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਗਿਆ ਹੈ ਅਤੇ ਇਕ ਮਰੀਜ਼ ਦੂਸਰੇ ਜ਼ਿਲੇ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਕੀਤੇ ਗਏ ਘਰ-ਘਰ ਜਾ ਕੇ ਸਰਵੇਅ ਅਧੀਨ ਹੁਣ ਤੱਕ ਜ਼ਿਲੇ ਵਿਚ 128353 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ।