Twenty Corona patients : ਪੰਜਾਬ ’ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਤਰਨਤਾਰਨ ’ਚ ਕੋਰੋਨਾ ਦੇ 18 ਅਤੇ ਨਵਾਂਸ਼ਹਿਰ ਤੋਂ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਵਿਚ ਮਿਲੇ ਮਰੀਜ਼ਾਂ ਵਿਚ ਇਕ ਗਰਭਵਤੀ ਔਰਤ ਅਤੇ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਸਿਵਲ ਸਰਜਨ ਡਾਕਟਰ ਅਨੂਪ ਕੁਮਾਰ ਨੇ ਦੱਸਿਆ ਕਿ ਕੋਰੋਨਾ ਪੀੜਤ ਮਰੀਜ਼ਾਂ ਨੂੰ ਆਈਸੋਲੇਟ ਕਰਕੇ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।
ਉਥੇ ਹੀ ਨਵਾਂਸ਼ਹਿਰ ਵਿਚ ਸਾਹਮਣੇ ਆਏ ਦੋ ਮਾਮਲਿਆਂ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 301 ਹੋ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੀ ਪੁਸ਼ਟੀ ਕਰਦੇ ਹੋਏ ਡਾ. ਰਜਿੰਦਰ ਪ੍ਰਸਾਦ ਭਾਟੀਆ ਨੇ ਦੱਸਿਆ ਕਿ ਪਿੰਡ ਜੇਠੂ ਮਜਾਰਾ ’ਚ ਇਕ 26 ਸਾਲਾ ਲੜਕੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਲੜਕੀ ਨਵਾਂਸ਼ਹਿਰ ਵਿਚ ਪਹਿਲਾਂ ਤੋਂ ਹੀ ਪਾਜ਼ੀਟਿਵ ਪਾਏ ਗਏ ਇਕ ਫੋਟੋਸਟੇਟ ਦੁਕਾਨ ਦੇ ਸੰਚਾਲਕ ਦੇ ਸੰਪਰਕ ਵਿਚ ਸੀ। ਇਸ ਤੋਂ ਇਲਾਵਾ ਬੰਗਾ ਵਿਚ ਇਕ 40 ਸਾਲਾ ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਵੀ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਾਲੀ ਹੀ ਹੈ।
ਉਨ੍ਹਾਂ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚੋਂ 16,580 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਹੁਣ ਤੱਕ 301 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ 16,217 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। 9 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਥੇ ਹੀ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇਸ ਸਮੇਂ 50 ਐਕਟਿਵ ਮਾਮਲੇ ਹਨ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲੇ ਵਿਚ 143 ਲੋਕਾਂ ਨੂੰ ਹੋਮ ਕੁਆਰੰਟਾਈਨ ਅਤੇ 26 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਰਖਿਆ ਗਿਆ ਹੈ।