Twenty Five New Corona Cases : ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਫਿਰ ਸੂਬੇ ਵਿਚ ਲਗਾਤਾਰ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਿਲੇ ਮਾਮਲਿਆਂ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਦੇ 14, ਬਠਿੰਡਾ ’ਚ 7 ਤੇ ਗੁਰਦਾਸਪੁਰ ਤੋਂ 4 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਕਾਰਨ ਇਕ ਮਰੀਜ਼ ਦੀ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਸਾਹਮਣੇ ਆਏ 14 ਨਵੇਂ ਮਾਮਲੇ ਬੀ-ਬਲਾਕ ਰਣਜੀਤ ਐਵੇਨਿਊ, ਭਗਤ ਸਿੰਘ ਕਾਲੋਨੀ ਰਾਜਾਸਾਂਸੀ, ਮਜੀਠਾ ਰੋਡ, ਸ਼ਹੀਦ ਊਧਮ ਸਿੰਘ ਕਾਲੋਨੀ, ਗੰਢਾ ਸਿੰਘ ਕਾਲੋਨੀ, ਕਬੀਰ ਪਾਰਕ, ਇੰਦਰਾ ਕਾਲੋਨੀ, ਪ੍ਰੀਤ ਨਗਰ ਅਤੇ ਕਬੀਰ ਨਗਰ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਤਿੰਨ ਮਾਮਲੇ ਪਹਿਲਾਂ ਤੋਂ ਹੀ ਪਾਜ਼ੀਟਿਵ ਆਏ ਮਰੀਜ਼ ਦੇ ਸੰਪਰਕ ਵਾਲੇ ਹਨ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 996 ਹੋ ਗਈ ਹੈ, ਜਿਨ੍ਹਾਂ ਵਿਚੋਂ 807 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਜ਼ਿਲੇ ਵਿਚ 48 ਹੋ ਗਈ ਹੈ ਅਤੇ ਇਸ ਸਮੇਂ ਇਸ ਦੇ 160 ਮਾਮਲੇ ਐਕਟਿਵ ਹਨ।
ਬਠਿੰਡਾ ਤੋਂ ਅੱਜ 7 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਮਰੀਜ਼ਾਂ ਦੇ ਸਰਗਰਮ ਮਾਮਲਿਆਂ ਦੀ ਗਿਣਤੀ 22 ਹੋ ਗਈ ਹੈ। ਅੱਜ ਮਿਲੇ ਨਵੇਂ ਮਰੀਜ਼ਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਕੁੰਦਨ ਪਾਲ ਨੇ ਦੱਸਿਆ ਕਿ ਅੱਜ 2 ਔਰਤਾਂ, 4 ਮਰਦ ਅਤੇ ਇਕ ਨਾਲਾਬਗ ਦੀਆਂ ਰਿਪੋਰਟਾਂ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 3 ਵਿਅਕਤੀ ਦਿੱਲੀ ਤੋਂ ਪੰਜਾਬ ਪਰਤੇ ਸਨ ਅਤੇ ਤਿੰਨ ਵਿਅਕਤੀ ਪਹਿਲਾਂ ਤੋਂ ਹੀ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਰਕੇ ਕੁਆਰੰਟਾਈਨ ਕੀਤੇ ਗਏ ਸਨ। ਇਕ ਮਰੀਜ਼ ਬਾਰੇ ਅਜੇ ਪਤਾ ਨਹੀਂ ਲੱਗਾ ਕਿ ਉਹ ਇਸ ਵਾਇਰਸ ਦੀ ਲਪੇਟ ਵਿਚ ਕਿਵੇਂ ਆਇਆ।
ਉਧਰ ਗੁਰਦਾਸਪੁਰ ’ਚ 4 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਹੁਣ ਕੁਲ ਕੋਰੋਨਾ ਪੀੜਤਾਂ ਦਾ ਅੰਕੜਾ 254 ਤੱਕ ਪਹੁੰਚ ਗਿਆ ਹੈ, ਜਿਨ੍ਹਾਂ ਵਿਚੋਂ 202 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ ਕੁਲ 46 ਐਕਟਿਵ ਮਾਮਲੇ ਹਨ। ਦੱਸ ਦੇਈਏ ਕਿ ਹੁਣ ਤੱਕ ਗੁਰਦਾਸਪੁਰ ਵਿਚ 6 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।