Twenty New Cases of Corona : ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਅੱਜ ਫਿਰ ਜ਼ਿਲੇ ਵਿਚੋਂ ਕੋਰੋਨਾ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਨਵੇਂ ਮਾਮਲੇ ਮਿਲਣ ਨਾਲ ਜ਼ਿਲੇ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 537 ਹੋ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਜ਼ਿਲੇ ਵਿਚ ਹੁਣ ਤੱਕ 378 ਮਰੀਜ਼ ਇਸ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 11 ਲੋਕ ਇਸ ਵਾਇਰਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਸ ਸਮੇਂ ਜ਼ਿਲੇ ਵਿਚ ਕੁਲ 140 ਐਕਟਿਵ ਕੇਸ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਅੰਮ੍ਰਿਤਸਰ ਜ਼ਿਲਾ ਸਭ ਤੋਂ ਮੂਹਰੇ ਹੈ। ਇਥੇ ਹੁਣ ਤੱਕ ਦੇ ਸੂਬੇ ਵਿਚ ਸਭ ਤੋਂ ਵੱਧ ਕੋਰੋਨਾ ਪੀੜਤ ਮਿਲੇ ਹਨ।
![Twenty New Cases of Corona](https://dailypost.in/wp-content/uploads/2020/06/coronavirus-doctors-1-2.jpg)
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੀ ਇਸ ਲੜਾਈ ਵਿਚ ਡਟੇ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਬੀਤੇ ਦਿਨ ਜ਼ਿਲੇ ਵਿਚ ਸਾਹਮਣੇ ਆਏ 13 ਪਾਜ਼ੀਟਿਵ ਮਾਮਲਿਆਂ ਵਿਚ ਪੰਜਾਬ ਪੁਲਿਸ ਦਾ ਇਕ ਏਐਸਆਈ ਵੀ ਸ਼ਾਮਲ ਹੈ। ਇਸ ਤੋਂ ਇਲਾਵਾ 6 ਮਾਮਲੇ ਕਮਿਊਨਿਟੀ ਤੋਂ ਸਾਹਮਣੇ ਆਏ ਹਨ, ਜਦੋਂਕਿ 7 ਮਾਮਲੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ।
![Twenty New Cases of Corona](https://dailypost.in/wp-content/uploads/2020/06/coronavirus-1.jpg)
ਕੋਰੋਨਾ ਵਾਇਰਸ ਦੇ ਜ਼ਿਲੇ ਵਿਚ ਵਧਦੇ ਮਾਮਲਿਆਂ ਨੇ ਪ੍ਰਸ਼ਾਸਨ ਦੀ ਚਿੰਤਾ ਨੂੰ ਕਾਫੀ ਵਧਾ ਦਿੱਤਾ ਹੈ, ਜਿਸ ’ਤੇ ਪ੍ਰਸ਼ਾਸਨ ਨੇ ਮੁੜ ਅੰਮ੍ਰਿਤਸਰ ਵਿਚ ਸਖਤੀ ਕਰਨ ਦੀ ਚਿਤਾਵਨੀ ਦਿੱਤੀ ਹੈ, ਜਿਸ ਦੇ ਚਲਦਿਆਂ ਜ਼ਿਲੇ ਵਿਚ ਦੁਬਾਰਾ ਕਰਫਿਊ ਲਗਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸੂਬੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 2800 ਤੋਂ ਵੀ ਵਧ ਹੋ ਗਈ ਹੈ ਅਤੇ ਹੁਣ ਤੱਕ ਸੂਬੇ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 56 ਤੱਕ ਪਹੁੰਚ ਗਈ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਦਾ ਰਿਕਵਰੀ ਰੇਟ ਦੇਸ਼ ਦੇ ਸਾਰੇ ਸੂਬਿਆਂ ਨਾਲੋਂ ਵਧ ਹੈ, ਜਿਥੇ ਹੁਣ ਤੱਕ 2234 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ।