Twenty Nine Corona Cases : ਸੂਬੇ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਇਸ ਦੇ ਮਾਮਲੇ ਲਗਾਤਾਰ ਵਧਦੇ ਨਜ਼ਰ ਆ ਰਹੇ ਹਨ। ਤਾਜ਼ਾ ਸਾਹਮਣੇ ਆਏ ਮਾਮਲਿਆਂ ਵਿਚ ਜਲੰਧਰ ਜ਼ਿਲੇ ਤੋਂ ਕੋਰੋਨਾ ਦੇ 18 ਤੇ ਫਾਜ਼ਿਲਕਾ ਤੋਂ 5 ਤੇ ਸ੍ਰੀ ਮੁਕਤਸਰ ਸਾਹਿਬ ਤੋਂ 6 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਚ ਅੱਜ ਇਕੱਠੇ ਮਾਮਲੇ ਸਾਹਮਣੇ ਆਉਣ ਨਾਲ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 760 ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਭੇਜੇ ਗਏ ਸੈਂਪਲਾਂ ਦੀਆਂ 200 ਤੋਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਅੱਜ ਪਾਜ਼ੀਟਿਵ ਮਰੀਜ਼ਾਂ ਵਿਚ 12 ਮਰਦ ਤੇ 6 ਔਰਤਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਮਰੀਜ਼ ਦੂਸਰੇ ਜ਼ਿਲੇ ਨਾਲ ਸਬੰਧਤ ਹਨ।
ਉਧਰ ਫਾਜ਼ਿਲਕਾ ਜ਼ਿਲੇ ਤੋਂ ਸਾਹਮਣੇ ਆਏ 5 ਮਾਮਲਿਆਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ ਵਿਚ 1 ਆਰਮੀ ਦੇ ਜਵਾਨ ਸਣੇ 2 ਲੜਕੀਆਂ ਤੇ 3 ਮਰਦ ਸ਼ਾਮਲ ਹਨ। ਅਬੋਹਰ ਵਿਖੇ ਤਾਇਨਾਤ ਆਰਮੀ ਦਾ ਜਵਾਨ ਗੁਰਦਾਸਪੁਰ ਤੋਂ ਆਇਆ ਸੀ ਤੇ 2 ਲੜਕੀਆਂ ਹਨੂਮਾਨਗੜ੍ਹ, ਇਕ ਵਿਅਕਤੀ ਕੁਹਾੜਿਆ ਪਿੰਡ ਤੇ ਇਕ ਅਬੋਹਰ ਨਵੀਂ ਅਬਾਦੀ ਦਾ ਰਹਿਣ ਵਾਲਾ ਹੈ। ਇਨ੍ਹਾਂ ਮਰੀਜ਼ਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਾ ਗਿਆ ਹੈ। ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 28 ਹੋ ਗਈ ਹੈ।
ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਤੋਂ ਮਿਲੇ ਛੇ ਮਾਮਲਿਆਂ ਵਿਚੋਂ ਚਾਰ ਸਥਾਨਕ ਸ਼ਹਿਰ ਨਾਲ ਹੀ ਸਬੰਧਤ ਹਨ, ਜਦਕਿ ਇਕ ਮਰੀਜ਼ ਨੇੜਲੇ ਪਿੰਡ ਮਹਿਰਾਜ ਦਾ ਰਹਿਣ ਵਾਲਾ ਹੈ। ਹੁਣ ਮੁਕਤਸਰ ਜ਼ਿਲੇ ਵਿਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 133 ਹੋ ਗਈ ਹੈ, ਜਦਕਿ ਇਸ ਸਮੇਂ ਕੁਲ ਸਰਗਰਮ ਮਾਮਲੇ 19 ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।