Two Corona New Cases from Pathankot : ਕੋਰੋਨਾ ਦਾ ਪ੍ਰਕੋਪ ਪੰਜਾਬ ਵਿਚ ਲਗਾਤਾਰ ਜਾਰੀ ਹੈ। ਅੱਜ ਪਠਾਨਕੋਟ ਤੋਂ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲੇ ਵਿਚ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਨ੍ਹਾਂ ਨੂੰ ਜਲੰਧਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਜ਼ੀਟਿਵ ਮਿਲੇ ਦੋਹਾਂ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਦੇ ਅੱਜ ਸੈਂਪਲ ਲਏ ਜਾਣਗੇ।
ਇਥੇ ਦੱਸਣਯੋਗ ਹੈ ਕਿ ਪਠਾਨਕੋਟ ਵਿਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 41 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 27 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਵਾਧੇ ਦੇ ਨਾਲ ਇਸ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ ਵਧ ਕੇ 42 ਹੋ ਗਈ ਹੈ।
ਅੱਜ ਸੂਬੇ ਵਿਚ ਇਕੋ ਹੀ ਦਿਨ ਵਿਚ ਕੋਰੋਨਾ ਵਾਇਰਸ ਕਰਕੇ ਦੋ ਲੋਕਾਂ ਦੀ ਜਾਨ ਚਲੀ ਗਈ ਹੈ। ਦੱਸ ਦੇਈਏ ਕਿ ਅੰਮ੍ਰਿਤਸਰ ਹਸਪਤਾਲ ਵਿਚ ਲਗਭਗ 65 ਸਾਲਾ ਇਕ ਔਰਤ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ। ਉਧਰ ਲੁਧਿਆਣਾ ਵਿਚ ਆਰਪੀਐਫ ਦੇ ਇਕ ਕੋਰੋਨਾ ਪਾਜ਼ੀਟਿਵ ਆਏ ਜਵਾਨ ਦੀ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਹ ਜਵਾਨ ਸ਼੍ਰਮਿਕ ਟ੍ਰੇਨਾਂ ਵਿਚ ਸਪੈਸ਼ਲ ਡਿਊਟੀ ’ਤੇ ਤਾਇਨਾਤ ਸੀ ਤੇ ਪਿਛਲੇ ਦਿਨੀਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਭਾਵੇਂਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਪੇਸ਼ ਆ ਰਹੀਆਂ ਆਰਥਿਕ ਸਮੱਸਿਆਂ ਨੂੰ ਦੇਖਦਿਆਂ ਕਰਫਿਊ ਹਟਾ ਦਿੱਤਾ ਹੈ ਪਰ ਕੋਰੋਨਾ ਦੇ ਮਾਮਲਿਆਂ ’ਚ ਅਜੇ ਵੀ ਵਾਧਾ ਹੋ ਰਿਹਾ ਹੈ। ਇਸ ਸਮੇਂ ਸੂਬੇ ਵਿਚ ਕੋਰੋਨਾ ਦੇ ਕੁਲ 183 ਮਾਮਲੇ ਐਕਟਿਵ ਹਨ।