Two Positive patients of Corona : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੀ ਰਾਤ ਘਨੌਰ ਹਲਕੇ ਦੇ ਨੇੜੇ ਪੈਂਦੇ ਪਿੰਡ ਹਰੀਮਾਜਰਾ ਦੇ 18 ਸਾਲਾ ਨੌਜਵਾਨ ਅਤੇ ਲੰਜਾ ਪਿੰਡ ਦੇ 42 ਸਾਲਾ ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਨ੍ਹਾਂ ਦੋਵਾਂ ਨਵੇਂ ਮਾਮਲਿਆਂ ਦੀ ਪੁਸ਼ਟੀ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਵੱਲੋਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਘਨੌਰ ਦੇ ਪਿੰਡ ਲੰਜਾ ਦਾ ਰਹਿਣ ਵਾਲਾ 42 ਸਾਲ ਦਾ ਵਿਅਕਤੀ ਅਤੇ ਪਿੰਡ ਹਰੀਮਾਜਰਾ ਦਾ 18 ਸਾਲਾ ਨੌਜਵਾਨ ਰਾਮ ਕੁਮਾਰ ਪੁੱਤਰ ਮੇਵਾ ਸਿੰਘ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ ਅਤੇ ਇਨ੍ਹਾਂ ਨੂੰ ਰਾਤ ਨੂੰ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰਖਿਆ ਗਿਆ ਹੈ। ਉਕਤ ਦੋਵੇਂ ਮਰੀਜ਼ ਬਾਹਰਲੇ ਸੂਬਿਆਂ ਤੋਂ ਹੋ ਕੇ ਆਏ ਸਨ।
ਜਾਣਕਾਰੀ ਮੁਤਾਬਕ ਪਿੰਡ ਲੰਜਾ ਦਾ ਵਿਅਕਤੀ ਫਸਲ ਦੀ ਕਟਾਈ ਕਰਨ ਵਾਲੀ ਮਸ਼ੀਨ ਲੈ ਕੇ ਪਰਤਿਆ ਹੈ, ਜਦਕਿ ਪਿੰਡ ਦੀ ਸਰਪੰਚ ਦੇ ਪਤੀ ਦੇ ਕਹਿਣ ਮੁਤਾਬਕ ਪਿੰਡ ਹਰੀਮਾਜਰਾ ਦਾ ਨੌਜਵਾਨ ਰਾਮ ਕੁਮਾਰ ਦਿੱਲੀ ਤੋਂ ਵਾਪਿਸ ਘਰ ਆਇਆ ਹੈ। ਇਨ੍ਹਾਂ ਦੋਹਾਂ ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਪਿੰਡ ਲੰਜਾ ਅਤੇ ਪਿੰਡ ਹਰੀਮਾਜਰਾ ਨੂੰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਪਿੰਡ ਦੇ ਮੇਨ ਰਸਤਿਆਂ ’ਤੇ ਨਾਕੇ ਲਾ ਦਿੱਤੇ ਗਏ ਹਨ ਅਤੇ ਆਉਣ-ਜਾਣ ਵਾਲੇ ਰਸਤੇ ਬੰਦ ਕਰ ਦਿੱਤੇ ਗਏ ਹਨ। ਪਿੰਡ ਵਾਲਿਆਂ ਨੂੰ ਵੀ ਬਾਹਰ ਜਾਣ ਅਤੇ ਬਾਹਰਲ ਵਾਲਿਆਂ ਨੂੰ ਪਿੰਡ ਵਿਚ ਦਾਖਲ ਹੋਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਰਾਮ ਕੁਮਾਰ ਕਈ ਦਿਨਾਂ ਤੋਂ ਪਿੰਡ ਵਿਚ ਆਇਆ ਹੋਇਆ ਸੀ ਅਤੇ ਤਿੰਨ ਦਰਜਨ ਦੇ ਲਗਭਗ ਲੋਕਾਂ ਦੇ ਸੰਪਰਕ ਵਿਚ ਆਇਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਉਸ ਦੇ ਸੰਪਰਕ ਵਿਚ ਆਏ 38 ਲੋਕਾਂਦੇ ਸੈਂਪਲ ਲਏ ਗਏ ਹਨ ਅਤੇ ਪਿੰਡ ਲੰਜਾ ਤੋਂ 6 ਹੋਰ ਲੋਕਾਂ ਦੇ ਸੈਂਪਲ ਲਏ ਗਏ ਹਨ।