Two reports, including a man in Khanna : ਲੁਧਿਆਣਾ ਜ਼ਿਲਾ ਵੀ ਹੁਣ ਕੋਰੋਨਾ ਦਾ ਹੌਟਸਪੌਟ ਬਣ ਚੁੱਕਾ ਹੈ। ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਲੁਧਿਆਣਾ ਜ਼ਿਲੇ ਦੇ ਸਮਰਾਲਾ ਹਲਕੇ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ 9 ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਹੁਣ ਖੰਨਾ ਵੀ ਪੂਰੀ ਤਰ੍ਹਾਂ ਇਸ ਵਾਇਰਸ ਦੀ ਲਪੋਟ ਵਿਚ ਆ ਚੁੱਕਾ ਹੈ। ਜਾਣਕਾਰੀ ਮੁਤਾਬਕ ਖੰਨਾ ਜ਼ਿਲੇ ’ਚ ਤਿੰਨ ਵਿਅਕਤੀਆਂ ਦੀ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਇਕ ਔਰਤ ਅਤੇ ਇਕ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਇਕ ਨੌਜਵਾਨ ਵੀ ਸ਼ਾਮਲ ਹੈ। ਇਨ੍ਹਾਂ ਨਵੇਂ ਸਾਹਮਣੇ ਆਏ ਮਾਮਲਿਆਂ ਵਿਚ 60 ਸਾਲਾ ਕੋਰੋਨਾ ਪਾਜ਼ੀਟਿਵ ਪਾਈ ਗਈ ਔਰਤ ਸਫਾਈ ਸੇਵਿਕਾ ਦੱਸੀ ਜਾ ਰਹੀ ਹੈ।
ਜਦੋਂਕਿ ਪਿਛਲੇ ਦਿਨੀਂ ਖੰਨਾ ਪੁਲਿਸ ਨੇ ਇਲਾਕੇ ਵਿਚੋਂ ਇਕ ਸ਼ਰਾਬ ਦੀ ਚੱਲਦੀ ਨਾਜਾਇਜ਼ ਫੈਕਟਰੀ ’ਚੋਂ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ, ਜੋਕਿ ਇਸ ਸਮੇਂ ਵੀ ਪੁਲਿਸ ਹਿਰਾਸਤ ਵਿਚ ਹੀ ਦੱਸਿਆ ਜਾ ਰਿਹਾ ਹੈ, ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਪੁਲਿਸ ਹਿਰਾਸਤ ’ਚ ਕੋਰੋਨਾ ਪਾਜ਼ੀਟਿਵ ਨੌਜਵਾਨ ਵੱਲੋਂ ਇਸ ਗੱਲ ਦਾ ਖਤਰਾ ਬਣ ਗਿਆ ਹੈ ਕਿ ਇਹ ਸ਼ਰਾਬ ਦੀ ਫੈਕਟਰੀ ਚਲਾਉਂਦਾ ਸੀ ਤਾਂ ਇਹ ਕਿੰਨੇ ਹੀ ਲੋਕਾਂ ਦੇ ਸੰਪਰਕ ਵਿਚ ਆਇਆ ਹੋਵੇਗਾ, ਜਿਸ ਨਾਲ ਉਨ੍ਹਾਂ ਦੇ ਵੀ ਇਸ ਵਾਇਰਸ ਦੇ ਲਪੇਟ ਵਿਚ ਆਉਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ।
ਇਸ ਤੋਂ ਇਲਾਵਾ ਤੀਸਰਾ 35 ਸਾਲਾ ਇਕ ਹੋਰ ਨੌਜਵਾਨ ਹੈ, ਜੋਕਿ ਖੰਨਾ ਦੇ ਹੀ ਨੇੜਲੇ ਪਿੰਡ ਭੁੱਮਦੀ ਦਾ ਰਹਿਣ ਵਾਲਾ ਹੈ। ਇਸ ਦੀ ਵੀ ਰਿਪੋਰਟ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਪੁਲਿਸ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਲੁਧਿਆਣਾ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਡੀ ਗਿਣਤੀ ਵਿਚ ਸਾਹਮਣੇ ਆ ਰਹੇ ਹਨ। ਕੱਲ ਸ਼ੁੱਕਰਵਾਰ ਲੁਧਿਆਣੇ ਵਿਚੋਂ ਇਕੱਠੇ 22 ਮਰੀਜ਼ ਸਾਹਮਣੇ ਆਉਣ ਨਾਲ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਇਹ ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਲੁਧਿਆਣਾ ਜ਼ਿਲਾ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ 100 ਦਾ ਅੰਕੜਾ ਪਾਰ ਕਰ ਗਿਆ ਹੈ।