Two women held hostage : ਗੁਰੂ ਗਿਆਨ ਨਾਥ ਆਸ਼ਰਮ ਬਾਲਮੀਕਿ ਤੀਰਥ ਦੇ ਮੁੱਖ ਮਹੰਤ ਗਿਰਧਾਰੀ ਨਾਥ ਅਤੇ ਉਸ ਦੇ ਇਕ ਸਾਥੀ ਵਰਿੰਦਰ ਨਾਥ ‘ਤੇ ਜਬਰ ਜਨਾਹ ਕਰਨ ਦੇ ਦੋਸ਼ ਲੱਗੇ ਹਨ। ਦੋਵਾਂ ਨੂੰ ਦੋ ਔਰਤਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੋਮਵਾਰ ਨੂੰ ਆਸ਼ਰਮ ਤੋਂ ਔਰਤਾਂ ਨੂੰ ਬਰਾਮਦ ਕਰ ਲਿਆ।
ਮਹੰਤ ਗਿਰਧਾਰੀ ਨਾਥ ਦੇ ਦੋ ਸਾਥੀ ਨਛੱਤਰ ਸਿੰਘ ਤੇ ਸੂਰਜ ਨਾਥ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਡੀ. ਐੱਸ. ਪੀ. ਅਟਾਰੀ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਐੱਸ. ਸੀ. ਕਮਿਸ਼ਨ ਚੰਡੀਗੜ੍ਹ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੇ ਥਾਣਾ ਲੋਪੋਕੇ ਵਿਚ ਇਕ ਲਿਖਤ ਸ਼ਿਕਾਇਤ ਦਿੱਤੀ ਸੀ।ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਸੀਮਾਵਰਤੀ ਥਾਣਾ ਲੋਪੋਕੇ ਵਿਚ ਇਤਿਹਾਸਕ ਰਾਮ ਤੀਰਥ ਹਾਲ ਵਿਚ ਸਥਿਤ ਗੁਰੂ ਗਿਆਨ ਨਾਥ ਆਸ਼ਰਮ ਬਾਲਮੀਕਿ ਤੀਰਥ ਦੇ ਮੁੱਖ ਮਹੰਤ ਗਿਰਧਾਰੀ ਨਾਥ ਅਤੇ ਉਸ ਦੇ ਚੇਲਿਆਂ ਨੇ ਮੰਦਰ ਵਿਚ ਦੋ ਔਰਤਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਹੈ।
ਦੋਵਾਂ ਨਾਲ ਜਬਰ ਜਨਾਹ ਕੀਤਾ ਜਾ ਰਿਹਾ ਹੈ। ਪੁਲਿਸ ਨੇ ਆਸ਼ਰਮ ਵਿਚ ਛਾਪਾ ਮਾਰ ਕੇ ਦੋਵਾਂ ਔਰਤਾਂ ਨੂੰ ਬਰਾਮਦ ਕਰ ਲਿਆ ਹੈ। ਜੋ ਦੋ ਦੋਸ਼ੀ ਫਰਾਰ ਹੋਏ ਹਨ, ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਔਰਤਾਂ ਨੇ ਇਕ ਚਿੱਠੀ ਲਿਖ ਕੇ ਇਸ ਮਾਮਲੇ ਦੀ ਜਾਣਕਾਰੀ ਐੱਸ. ਸੀ. ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਨੂੰ ਦਿੱਤੀ ਸੀ। ਮਿਲੀ ਜਾਣਕਾਰੀ ਮੁਤਾਬ ਇਹ ਔਰਤਾਂ ਐਤਵਾਰ ਨੂੰ ਮੱਥ ਟੇਕਣ ਲਈ ਰਾਮ ਤੀਰਥ ਆਈਆਂ ਸਨ ਜਿਸ ਤੋਂ ਬਾਅਦ ਉਹ ਡੇਰਾ ਗਿਆਨ ਨਾਥ ‘ਚ ਮੱਥਾ ਟੇਕਣ ਲਈ ਗਈਆਂ ਜਿਥੇ ਨਛੱਤਰ ਨਾਥ, ਵਰਿੰਦਰ ਨਾਤ ਅਤੇ ਗਿਰਧਾਰੀ ਨਾਥ ਨੇ ਇਨ੍ਹਾਂ ਦੋਵਾਂ ਔਰਤਾਂ ਨੂੰ ਆਪਣੇ ਕਮਰੇ ਵਿਚ ਲੈ ਕੇ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ।