Two youths were killed in a collision : ਹੁਸ਼ਿਆਰਪੁਰ ਵਿਖੇ ਪਿੰਡ ਬਾਹੋਬਾਲ ਨੇੜੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ-ਮਾਹਿਲਪੁਰ ਮੁੱਖ ਮਾਰਗ ’ਤੇ ਇਕ ਡਿਜ਼ਾਇਰ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿਚ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਟਰੱਕ ਡਰਾਈਵਰ ਵੀ ਜ਼ਖਮੀ ਹੋ ਗਿਆ। ਇਸ ਬਾਰੇ ਥਾਣਾ ਚੱਬੇਵਾਲ ਦੀ ਪੁਲਿਸ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ।
ਹਾਦਸੇ ’ਚ ਮਰਨ ਵਾਲਿਆਂ ਦੀ ਪਛਾਣ ਗੁਰਦੀਪ ਸਿੰਘ ਉਰਫ ਦੀਪਾ ਪੁੱਤਰ ਪ੍ਰੀਤਮ ਸਿੰਘ ਵਾਸੀ ਮਹਿਮਦੋਵਾਲ ਥਾਣਾ ਮਾਹਿਲਪੁਰ ਅਤੇ ਗੁਰਜਿੰਦਰ ਸਿੰਘ ਉਰਫ ਕਾਕਾ ਪੁੱਤਰ ਗਿਆਨ ਸਿੰਘ ਵਾਸੀ ਫਤਿਹਪੁਰ ਕੋਠੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ 9.30 ਵਜੇ ਦੇ ਲਗਭਗ ਸਪੈਦ ਰੰਗ ਦੀ ਡਿਜ਼ਾਇਰ ਕਾਰ ਜੋਕਿ ਹੁਸ਼ਿਆਰਪੁਰ ਤੋਂ ਮਾਹਿਲਪੁਰ ਵੱਲ ਜਾ ਰਹੀ ਸੀ, ਕਿ ਪਿੰਡ ਬਾਹੋਵਾਲ ਨੇੜੇ ਸਾਹਮਣੇ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਈ। ਟੱਕਰ ਕਿੰਨੀ ਜ਼ਬਰਦਸਤ ਸੀ ਇਹ ਕਾਰ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਕਾਰ ਨੂੰ ਗੁਰਦੀਪ ਸਿੰਘ ਚਲਾ ਰਿਹਾ ਸੀ, ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਸਾਥੀ ਗੁਰਜਿੰਦਰ ਸਿੰਘ ਨੂੰ ਜ਼ਖਮੀ ਹੋਣ ’ਤੇ ਐਂਬੂਲੈਂਸ ਰਾਹੀਂ ਸਥਾਨਕ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਟੱਕਰ ਦੌਰਾਨ ਟਰੱਕ ਵੀ ਸੜਕ ’ਤੇ ਪਲਟ ਗਿਆ। ਹਾਦਸੇ ਵਿਚ ਟਰੱਕ ਡਰਾਈਵਰ ਜਸਵੀਰ ਸਿੰਘ ਨੂੰ ਵੀ ਕਾਫੀ ਸੱਟਾਂ ਲੱਗੀਆਂ ਹਨ, ਉਸ ਨੂੰ ਵੀ ਮਾਹਿਲਪੁਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਥਾਣਾ ਚੱਬੇਵਾਲ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।