Unable to answer in class online : ਮੋਹਾਲੀ ਦੇ ਫੇਜ਼-1 ਵਿੱਚ 10ਵੀਂ ਕਲਾਸ ਦੀ ਇੱਕ ਵਿਦਿਆਰਥਣ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਉਸ ਨੇ ਤਣਾਅ ਵਿੱਚ ਆ ਕੇ ਆਪਣੀ ਜਾਨ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਵਿਦਿਆਰਥਣ ਆਨਲਾਈਨ ਕਲਾਸ ਵਿੱਚ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕੀ ਸੀ, ਜਿਸ ਦੇ ਚੱਲਦਿਆਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਪੁਲਿਸ ਇਸ ਨੂੰ ਖੁਦਕੁਸ਼ੀ ਹੀ ਮੰਨ ਰਹੀ ਹੈ। ਖਦਸ਼ਾ ਹੈ ਕਿ ਵਿਦਿਆਰਥਣ ਨੇ ਖੁਦ ਨੂੰ ਬਿਜਲੀ ਦਾ ਕਰੰਟ ਲਗਾ ਕੇ ਖੁਦਕੁਸ਼ੀ ਕੀਤੀ ਹੈ ਕਿਉਂਕਿ ਉਸਲ ਦਾ ਸਰੀਰ ਨੀਲਾ ਪਿਆ ਹੋਇਆ ਸੀ।
ਜਾਣਕਾਰੀ ਮੁਤਾਬਕ ਵਿਦਿਆਰਥਣ ਚੰਡੀਗੜ੍ਹ ਦੇ ਸੈਕਟਰ-44 ਵਿੱਚ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਸੀ। ਅੱਜਕਲ ਉਹ ਆਨਲਾਈਨ ਪੜ੍ਹਾਈ ਕਰ ਰਹੀ ਸੀ। ਮੰਗਲਵਾਰ ਨੂੰ ਕਲਾਸ ਵਿੱਚ ਉਹ ਇੱਕ ਸਵਾਲ ਦਾ ਜਵਾਬ ਨਹੀਂ ਦੇ ਸਕੀ। ਇਸ ਦੇ ਬਾਅਦ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਸੀ। ਉਹ ਘਰ ਦੇ ਉਪਰ ਸਥਿਤ ਆਪਣੇ ਕਮਰੇ ਵਿੱਚ ਚਲੀ ਗਈ ਸੀ। ਇਸ ਤੋਂ ਬਾਅਦ ਉਹ ਬਾਹਰ ਨਹੀਂ ਆਈ। ਜਦੋਂ ਪਰਿਵਾਰਕ ਮੈਂਬਰਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਜ਼ਮੀਨ ’ਤੇ ਪਈ ਸੀ। ਉਸ ਦਾ ਸਰੀਰ ਨੀਲਾ ਪਿਆ ਹੋਇਆ ਸੀ। ਇੰਝ ਲੱਗ ਰਿਹਾ ਸੀ ਕਿ ਉਸ ਨੇ ਖੁਦ ਨੂੰ ਬਿਜਲੀ ਦਾ ਕਰੰਟ ਲਗਾ ਕੇ ਜਾਨ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਵਿਦਿਆਰਥਣ ਨੇ ਇੱਕ ਕਾਪੀ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਸੀ ਕਿ ਉਹ ਜੀਊਣਾ ਨਹੀਂ ਚਾਹੁੰਦੀ ਹੈ। ਪੁਲਿਸ ਨੇ ਉਹ ਕਾਪੀ ਕਬਜ਼ੇ ਵਿੱਚ ਲੈ ਲਈ ਹੈ। ਥਾਣਾ ਫੇਜ਼-1 ਦੀ ਪੁਲਿਸ ਹਰ ਐਂਗਲ ’ਤੇ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਹਾਲਾਂਕਿ ਪੋਸਟਮਾਰਟਮ ਤੋਂ ਬਾਅਦ ਲਰਕੀ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਹੈ। ਰਿਪੋਰਟ ਆਉਣੀ ਅਜੇ ਬਾਕੀ ਹੈ।