US coronavirus deaths rise: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਫੈਲੇ ਕੋਰੋਨਾ ਵਾਇਰਸ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ । ਜਿਸ ਕਾਰਨ ਦੁਨੀਆ ਭਰ ਵਿੱਚ ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ 35 ਲੱਖ 66 ਹਜ਼ਾਰ ਤੋਂ ਵੱਧ ਹੋ ਚੁੱਕੀ ਹੈ, ਜਦਕਿ 2 ਲੱਖ 48 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ । ਇੱਥੇ ਰਾਹਤ ਦੀ ਗੱਲ ਇਹ ਹੈ ਕਿ 11 ਲੱਖ 54 ਹਜ਼ਾਰ ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ । ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕਾਰਨ 1450 ਲੋਕਾਂ ਦੀ ਮੌਤ ਹੋ ਗਈ ਹੈ ।ਜਿਸਦੇ ਨਾਲ ਅਮਰੀਕਾ ਵਿੱਚ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਕੁੱਲ ਗਿਣਤੀ 12 ਲੱਖ ਦੇ ਨੇੜੇ ਪਹੁੰਚ ਗਈ ਹੈ, ਜਦਕਿ ਅਮਰੀਕਾ ਵਿੱਚ ਹੁਣ ਤੱਕ 68,598 ਲੋਕਾਂ ਦੀ ਮੌਤ ਹੋ ਚੁੱਕੀ ਹੈ ।

ਇੱਕ ਰਿਪੋਰਟ ਅਨੁਸਾਰ ਐਤਵਾਰ ਸ਼ਾਮ ਤੱਕ ਅਮਰੀਕਾ ਵਿੱਚ ਪੀੜਤਾਂ ਦੇ 11 ਲੱਖ 50 ਹਜ਼ਾਰ ਤੱਕ ਮਾਮਲੇ ਸਾਹਮਣੇ ਆ ਚੁੱਕੇ ਸਨ । ਤਾਜ਼ਾ ਜਾਣਕਾਰੀ ਅਨੁਸਾਰ ਪੀੜਤਾਂ ਦੀ ਕੁੱਲ ਗਿਣਤੀ 1,188,122 ਹੋ ਚੁੱਕੀ ਹੈ । ਜਿਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਸਾਲ 2020 ਦੇ ਅਖੀਰ ਤੱਕ ਅਮਰੀਕਾ ਕੋਰੋਨਾ ਵੈਕਸੀਨ ਤਿਆਰ ਕਰ ਲਵੇਗਾ ।

ਫਰਾਂਸ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਇਨਫੈਕਸ਼ਨ ਕਾਰਨ 24 ਜੁਲਾਈ ਤੱਕ ਹੈਲਥ ਐਮਰਜੈਂਸੀ ਵਿੱਚ ਵਾਧਾ ਕੀਤਾ ਹੈ । ਰੂਸ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ । ਸ਼ਨੀਵਾਰ ਨੂੰ ਦੇਸ਼ ਵਿੱਚ ਇੱਕ ਦਿਨ ਵਿੱਚ ਕੋਰੋਨਾ ਦੇ ਰਿਕਾਰਡ 10,000 ਕੇਸ ਸਾਹਮਣੇ ਆਏ ਹਨ ।






















