US Coronavirus Pandemic: ਵਾਸ਼ਿੰਗਟਨ: ਅਮਰੀਕਾ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 80 ਹਜ਼ਾਰ ਨੂੰ ਪਾਰ ਕਰ ਗਈ ਹੈ । ਹੁਣ ਤੱਕ ਇੱਥੇ 13 ਲੱਖ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ । ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 776 ਲੋਕਾਂ ਦੀ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਅਮਰੀਕਾ ਵਿੱਚ ਮੌਤਾਂ ਦਾ ਅੰਕੜਾ 80 ਹਜ਼ਾਰ 562 ਹੋ ਗਿਆ । ਇਸ ਦੇ ਨਾਲ ਹੀ ਦੇਸ਼ ਵਿੱਚ ਕੁੱਲ ਕੇਸਾਂ ਦੀ ਗਿਣਤੀ 13 ਲੱਖ 29 ਹਜ਼ਾਰ ਹੋ ਗਈ ਹੈ ।
ਅਮਰੀਕਾ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਬੁਰੀ ਤਰ੍ਹਾਂ ਅਸਫਲ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਇਸ ਖਤਰੇ ਨੂੰ ਨੇੜਿਓਂ ਮਹਿਸੂਸ ਕਰ ਰਹੇ ਹਨ । ਕੋਰੋਨਾ ਦੇ ਪੈਰ ਹੁਣ ਵ੍ਹਾਈਟ ਹਾਊਸ ਤੱਕ ਵੀ ਪਹੁੰਚ ਗਏ ਹਨ । ਅਮਰੀਕਾ ਦੇ ਸਭ ਤੋਂ ਸੁਰੱਖਿਅਤ ਜਗ੍ਹਾ ਵ੍ਹਾਈਟ ਹਾਊਸ ਵਿੱਚ ਹੁਣ ਤੱਕ ਕੋਰੋਨਾ ਦੇ ਦੋ ਮਾਮਲੇ ਸਾਹਮਣੇ ਆ ਚੁੱਕੇ ਹਨ ।
ਇਸ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਸੀਂ ਇਸ ਭਿਆਨਕ ਦੁਸ਼ਮਣ ਨੂੰ ਹਰਾਵਾਂਗੇ । ਅਸੀਂ ਆਪਣੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਾਂਗੇ ਅਤੇ ਮਹਾਨਤਾ ਵਿੱਚ ਤਬਦੀਲ ਕਰਾਂਗੇ । ਅਸੀਂ ਤੀਜੀ ਤਿਮਾਹੀ ਵਿੱਚ ਜਾ ਰਹੇ ਹਾਂ ਅਤੇ ਅਸੀਂ ਵਧੀਆ ਪ੍ਰਦਰਸ਼ਨ ਕਰਨ ਜਾ ਰਹੇ ਹਾਂ । ਉਨ੍ਹਾਂ ਕਿਹਾ ਕਿ ਅਗਲੇ ਸਾਲ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕਰਾਂਗੇ ।
ਦੱਸ ਦੇਈਏ ਕਿ ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਤਬਾਹੀ ਮਚਾ ਰਿਹਾ ਹੈ । ਪੂਰੀ ਦੁਨੀਆ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 41 ਲੱਖ ਨੂੰ ਪਾਰ ਕਰ ਗਈ ਹੈ । ਹੁਣ ਤੱਕ ਕੁੱਲ 41 ਲੱਖ 74 ਹਜ਼ਾਰ 651 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ 2 ਲੱਖ 85 ਹਜ਼ਾਰ 945 ਲੋਕਾਂ ਦੀਆਂ ਜਾਨਾਂ ਗਈਆਂ ਹਨ । ਇਹ ਰਾਹਤ ਦੀ ਗੱਲ ਹੈ ਕਿ 14 ਲੱਖ 55 ਹਜ਼ਾਰ 731 ਲੋਕ ਠੀਕ ਹੋ ਗਏ ਹਨ ।