US COVID-19 Death Toll: ਅਮਰੀਕਾ ਵਿੱਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ । ਅਮਰੀਕਾ ਦੁਨੀਆ ਦਾ ਪਹਿਲਾ ਅਤੇ ਇਕਲੌਤਾ ਅਜਿਹਾ ਦੇਸ਼ ਹੈ, ਜਿੱਥੇ ਇੱਕ ਲੱਖ ਤੋਂ ਵੱਧ ਮੌਤਾਂ ਕੋਰੋਨਾ ਵਾਇਰਸ ਕਾਰਨ ਹੋਈਆਂ ਹਨ । ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਵੀਰਵਾਰ ਸਵੇਰ ਤੱਕ ਅਮਰੀਕਾ ਵਿੱਚ 100,396 ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਅਮਰੀਕਾ ਵਿੱਚ ਹੁਣ ਤੱਕ ਲਗਭਗ 1.7 ਮਿਲੀਅਨ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਚੁੱਕੇ ਹਨ, ਜੋ ਕਿ ਦੁਨੀਆ ਦਾ ਸਭ ਤੋਂ ਵੱਧ ਅੰਕੜਾ ਹੈ ।
ਗੌਰਤਲਬ ਹੈ ਕਿ ਕੋਰੋਨਾ ਵਾਇਰਸ ਨੇ ਜਨਵਰੀ ਵਿੱਚ ਅਮਰੀਕਾ ਵਿੱਚ ਦਸਤਕ ਦਿੱਤੀ, ਜਦੋਂ ਪਹਿਲਾ ਕੇਸ ਯੂਰਪ ਤੋਂ ਆਇਆ ਸੀ । ਉਸ ਤੋਂ ਬਾਅਦ ਕੋਰੋਨਾ ਵਾਇਰਸ ਨੇ ਅਮਰੀਕਾ ਵਿੱਚ ਤੇਜ਼ੀ ਫੜ ਲਈ ਸੀ, ਜਦੋਂ ਕਿ ਫਰਵਰੀ ਅਤੇ ਮਾਰਚ ਵਿੱਚ ਕੋਰੋਨਾ ਵਾਇਰਸ ਅਮਰੀਕਾ ਵਿੱਚ ਬਹੁਤ ਅੱਗੇ ਵੱਧ ਗਿਆ ਸੀ ।
ਇਸ ਸਮੇਂ ਅਮਰੀਕਾ ਵਿੱਚ ਰੋਜ਼ਾਨਾ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਇੱਕ ਹਜ਼ਾਰ ਮੌਤਾਂ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ । ਅਮਰੀਕਾ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੌਤਾਂ ਦਾ ਅੰਕੜਾ ਪੰਜ ਹਜ਼ਾਰ ਤੱਕ ਪਹੁੰਚ ਗਿਆ ਹੈ ।
ਜ਼ਿਕਰਯੋਗ ਹੈ ਕਿ ਇੱਕ ਪਾਸੇ ਜਿੱਥੇ ਅਮਰੀਕਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਲਗਾਤਾਰ ਦੇਸ਼ ਖੋਲ੍ਹਣ ਲਈ ਕਦਮ ਚੁੱਕ ਰਹੇ ਹਨ ਅਤੇ ਰਾਜਾਂ ਦੇ ਰਾਜਪਾਲ ਨੂੰ ਅਪੀਲ ਕਰ ਰਹੇ ਹਨ । ਬੀਤੇ ਦਿਨ ਵੀ ਡੋਨਾਲਡ ਟਰੰਪ ਨੇ ਟਵੀਟ ਕੀਤਾ ਸੀ ਕਿ ਅਮਰੀਕਾ ਇਕਲੌਤਾ ਦੇਸ਼ ਹੈ ਜਿਸ ਨੇ 15 ਮਿਲੀਅਨ ਤੋਂ ਵੱਧ ਟੈਸਟ ਕੀਤੇ ਹਨ, ਅਸੀਂ ਦੇਸ਼ ਨੂੰ ਦੁਬਾਰਾ ਖੋਲ੍ਹਣ ਲਈ ਪੂਰੀ ਤਰ੍ਹਾਂ ਤਿਆਰ ਹਾਂ ।