ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੁੰ ਅਪੀਲ ਕਰਦਿਆਂ ਕਿਹਾ ਕਿ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਸਮੇਤ ਗਾਂਧੀ ਪਰਿਵਾਰ, ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਹੋਰ ਦੋਸ਼ੀਆਂ ਨੂੰ 6 ਜੂਨ ਨੂੰ ਤੀਜੇ ਘੱਲੂਘਾਰੇ ਦੀ ਬਰਸੀ ‘ਤੇ ਜੂਨ 1984 ਦੇ ਤੀਜੇ ਘੱਲੂਘਾਰੇ ਤੇ ਨਵੰਬਰ 84 ਦੇ ਸਿੱਖ ਕਤਲੇਆਮ ਲਈ ਸਿੱਖ ਕੌਮ ਦਾ ਦੁਸ਼ਮਣ ਕਰਾਰ ਦੇਣ ਦਾ ਹੁਕਮਨਾਮਾ ਜਾਰੀ ਕੀਤਾ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਲਟੋਹਾ ਨੇ ਕਿਹਾ ਕਿ ਹੁਣ ਤੱਕ ਸਿੱਖ ਕੌਮ ਨੇ ਤਿੰਨ ਘੱਲੂਘਾਰੇ ਝੱਲੇ ਹਨ। ਪਹਿਲਾ ਛੋਟਾ ਘੱਲੂਘਾਰਾ 1746 ਵਿਚ ਵਾਪਰਿਆ, ਜਿਸ ਵਿਚ 11000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ। 1762 ਵਿੱਚ ਵਾਪਰੇ ਦੂਜੇ ਘੱਲੂਘਾਰੇ ਵਿਚ ਅਹਿਮਦ ਸ਼ਾਹ ਅਬਦਾਲੀ ਨੇ 30 ਤੋਂ 35 ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ। ਇਨ੍ਹਾਂ ਸਾਰਿਆਂ ਹੁਕਮਰਾਨਾਂ ਨੂੰ ਸਿੱਖ ਕੌਮ ਦੇ ਦੁਸ਼ਮਣਾਂ ਵਜੋਂ ਜਾਣਿਆ ਜਾਂਦਾ ਹੈ
ਉਨ੍ਹਾਂ ਕਿਹਾ ਕਿ ਆਜ਼ਾਦ ਹਿੰਦੁਸਤਾਨ ਵਿਚ ਤੀਜਾ ਘੱਲੂਘਾਰਾ ਦੇਸ਼ ਦੀ ਹਾਕਮ ਇੰਦਰਾ ਗਾਂਧੀ ਵੱਲੋਂ ਸਿੱਖਾਂ ਦਾ ਨਾਮੋ-ਨਿਸ਼ਾਨ ਖਤਮ ਕਰਨ ਵਾਸਤੇ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰ ਕੇ ਕੀਤਾ ਗਿਆ।
ਇਸ ਵਿੱਚ 20 ਹਜ਼ਾਰ ਸਿੰਘ ਸਿੰਘਣੀਆਂ ਤੇ ਬੱਚੇ ਫੌਜ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ, ਉਥੇ ਨਾਲ ਹੀ ਸਿੱਖਾਂ ਦੇ ਅਣਮੁੱਲੇ ਧਾਰਮਿਕ ਤੇ ਇਤਿਹਾਸਕ ਖ਼ਜ਼ਾਨੇ ਅਤੇ ਸਿੱਖ ਵਿਰਸੇ ਨੂੰ ਵੀ ਵੱਡੀ ਪੱਧਰ ‘ਤੇ ਤਬਾਹ ਕੀਤਾ ਗਿਆ।
ਉਨ੍ਹਾਂ ਅੱਗੇ ਕਿਹਾ ਕਿ ਜੂਨ 1984 ਦੇ ਤੀਜੇ ਘੱਲੂਘਾਰੇ ਨੂੰ ਵਾਪਰੇ ਅੱਜ 37 ਸਾਲ ਹੋ ਚੁੱਕੇ ਹੈ ਪਰ ਅਜੇ ਤੱਕ ਇਸ ਘੱਲੂਘਾਰੇ ਲਈ ਦੋਸ਼ੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਨੂੰ ਸਿੱਖ ਕੌਮ ਦੇ ਦੁਸ਼ਮਣ ਕਰਾਰ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ 1984 ਵਿਚ ਹੀ ਸਮੇਂ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮ ਦੇ ਦੁਸ਼ਮਣ ਕਰਾਰ ਦੇ ਦਿੱਤਾ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਨੇ ਤੇ ਨਾ ਉਨ੍ਹਾਂ ਤੋਂ ਬਾਅਦ ਨਿਯੁਕਤ ਹੋਏ ਜਥੇਦਾਰਾਂ ਨੇ ਇਨ੍ਹਾਂ ਦੋਸ਼ੀਆਂ ਨੁੰ ਸਿੱਖ ਕੌਮ ਦੇ ਦੁਸ਼ਮਣ ਐਲਾਨਿਆ।
ਉਨ੍ਹਾਂ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੇ ਹਨ ਕਿ ਫੌਰੀ ਤੌਰ ‘ਤੇ ਇਨ੍ਹਾਂ ਤੇ ਪੰਥ ਦੇ ਹੋਰ ਦੋਸ਼ੀਆਂ ਨੁੰ ਸਿੱਖ ਕੌਮ ਦੇ ਦੁਸ਼ਮਣ ਐਲਾਨਣ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਪੰਥ ਵੱਲੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਮੋਰਚੇ ਲਗਾਏ ਗਏ ਪਰ ਧਰਮਯੁੱਧ ਮੋਰਚੇ ਦੌਰਾਨ 1984 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਵੱਲੋਂ ਦੇਸ਼ ਦੇ ਬਾਕੀ ਲੋਕਾਂ ਅੰਦਰ ਸਿੱਖਾਂ ਦਾ ਹਊਆ ਖੜ੍ਹਾ ਕੀਤਾ ਗਿਆ। ਸਿੱਖਾਂ ਨੂੰ ਅੱਵਾਦੀ, ਵੱਖਵਾਦੀ, ਜ਼ਾਲਮ, ਕਾਤਲ ਦੇ ਤੌਰ ‘ਤੇ ਇਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਵੱਡੇ ਪੱਧਰ ‘ਤੇ ਪ੍ਰਚਾਰਿਆ ਗਿਆ ਤੇ ਇਸੇ ਧਰੁਵੀਕਰਨ ਦੇ ਮਕਸਦ ਨਾਲ ਸਿੱਖ ਵਿਰੋਧੀ ਹੋਣ ਦਾ ਪੱਤਾ ਖੇਡ ਕੇ ਦੁਨੀਆਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ। ਜਿਨ੍ਹਾਂ ਪਵਿੱਤਰ ਰੂਹਾਂ ਨੂੰ ਅਸੀਂ ਅੱਜ ਵੀ ਨਮਨ ਕਰਦੇ ਹਾਂ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪਲਟਿਆ ਫੈਸਲਾ- ਹੁਣ ਨਿੱਜੀ ਹਸਪਤਾਲਾਂ ਤੋਂ ਵਾਪਿਸ ਲਏਗੀ ਵੈਕਸੀਨ
ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਕਦੇ ਵੀ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ 350 ਤੋਂ ਜ਼ਿਆਦਾ ਸੀਟਾਂ ਨਹੀਂ ਮਿਲੀਆਂ ਪਰ 1984 ਵਿਚ ਸਿੱਖਾਂ ਦਾ ਕਤਲੇਆਮ ਕਰ ਕੇ ਕਾਂਗਰਸ ਨੇ ਦੇਸ਼ ਵਿਚ ਸਿੱਖ ਵਿਰੋਧੀ ਧਰੁਵੀਕਰਨ ਦੇ ਬਲਬੂਤੇ 450 ਸੀਟਾਂ ਜਿੱਤੀਆਂ।