ਪੰਜਾਬ ਦੇ ਲੁਧਿਆਣਾ ਜ਼ਿਲਾ ਦੇ ਸਿਵਲ ਹਸਪਤਾਲ ‘ਚ ਅੱਜ ਕੁਝ ਲੋਕਾਂ ਵੱਲੋਂ ਭੰਨਤੋੜ ਕੀਤੀ ਗਈ। ਇਸ ਭੰਨਤੋੜ ਵਿਚ ਡਾਕਟਰਾਂ ਦੇ ਕਮਰਿਆਂ ਅਤੇ ਵਾਰਡਾਂ ਦੇ ਸ਼ੀਸ਼ੇ ਟੁੱਟ ਗਏ। ਹਸਪਤਾਲ ਦੇ ਦਰਵਾਜ਼ੇ, ਵ੍ਹੀਲ ਚੇਅਰ ਆਦਿ ਨੂੰ ਚੁੱਕ ਕੇ ਸੁੱਟ ਦਿੱਤਾ ਗਿਆ। ਹਸਪਤਾਲ ‘ਚ ਭੰਨਤੋੜ ਕਰਨ ਵਾਲਿਆਂ ਦਾ ਦੋਸ਼ ਹੈ ਕਿ ਮੁਰਦਾਘਰ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਉਨ੍ਹਾਂ ਦੇ ਪੁੱਤਰ ਦੀ ਲਾਸ਼ ‘ਚੋਂ ਅੰਗ ਕੱਢ ਕੇ ਵੇਚ ਦਿੱਤਾ ਹੈ।
ਜਾਣਕਾਰੀ ਅਨੁਸਾਰ ਅੱਜ ਵੀਰਵਾਰ ਸਵੇਰੇ ਜਦੋਂ ਮ੍ਰਿਤਕ ਦਾ ਪਰਿਵਾਰ ਸਸਕਾਰ ਲਈ ਹਸਪਤਾਲ ਵਿਚ ਮ੍ਰਿਤਕ ਦੇਹ ਨੂੰ ਲੈਣ ਆਇਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਲੜਕੇ ਦੀ ਲਾਸ਼ ਇੱਥੇ ਨਹੀਂ ਹੈ। ਉਸ ਨੂੰ ਪਹਿਲਾਂ ਹੀ ਲੈ ਜਾਇਆ ਗਿਆ ਹੈ। ਇਸ ਤੋਂ ਗੁੱਸੇ ‘ਚ ਆਏ ਰਿਸ਼ਤੇਦਾਰਾਂ ਨੇ ਹੱਸਪਤਾਲ ‘ਚ ਭੰਨਤੋੜ ਕੀਤੀ।
ਇਸ ਹੰਗਾਮੇ ਵਿਚ ਹਸਪਤਾਲ ਵਿਚ ਮੌਜੂਦ ਮਰੀਜ਼ਾਂ ਅਤੇ ਡਾਕਟਰਾਂ ਨੇ ਇਧਰ-ਉਧਰ ਭੱਜ ਕੇ ਆਪਣਾ ਬਚਾਅ ਕੀਤਾ। ਹਸਪਤਾਲ ‘ਚ ਹੰਗਾਮਾ ਹੁੰਦਾ ਦੇਖ ਡਾਕਟਰਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ‘ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਮੌਕੇ ’ਤੇ ਪੁੱਜੀ। ਮਾਮਲੇ ਦੇ ਵੱਧਣ ਕਰਕੇ ADCP ਰੁਪਿੰਦਰ ਕੌਰ ਸਰਾਂ ਵੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਪੁਲਿਸ ਨੇ ਮਾਮਲਾ ਸ਼ਾਂਤ ਕਰ ਲਿਆ ਹੈ।
ਇਹ ਵੀ ਪੜ੍ਹੋ : ਮੁੰਬਈ ‘ਚ 25ਵੀਂ ਮੰਜ਼ਿਲ ਤੋਂ ਟੁੱਟ ਕੇ ਡਿੱਗੀ ਲਿਫਟ, 20 ਸਾਲਾ ਨੌਜਵਾਨ ਦੀ ਮੌਤ, 3 ਜ਼ਖਮੀ
ਦੱਸਿਆ ਜਾ ਰਿਹਾ ਹੈ ਕਿ ਥਾਣਾ ਸਲੇਮ ਟਾਬਰੀ ਪੀਰੂ ਬੰਦਾ ਇਲਾਕੇ ਦੇ ਨੌਜਵਾਨ ਆਯੂਸ਼ ਸੂਦ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਆਯੂਸ਼ ਦੀ 1 ਜਨਵਰੀ ਨੂੰ ਮੌਤ ਹੋ ਗਈ। ਆਯੂਸ਼ ਦੀਆਂ ਭੈਣਾਂ ਵਿਦੇਸ਼ ਵਿੱਚ ਰਹਿੰਦੀਆਂ ਹਨ। ਉਹ ਕੱਲ੍ਹ ਵਿਦੇਸ਼ ਤੋਂ ਆਈ ਹੈ, ਇਸ ਲਈ ਅੱਜ ਆਯੂਸ਼ ਦਾ ਸੰਸਕਾਰ ਕੀਤਾ ਜਾਣਾ ਸੀ।
ਇਸ ਘਟਨਾ ਸਬੰਧੀ ਪਿਤਾ ਰਾਕੇਸ਼ ਸੂਦ ਨੇ ਦੱਸਿਆ ਕਿ ਅੱਜ ਜਦੋਂ ਉਹ ਪੁੱਤਰ ਆਯੂਸ਼ ਦੀ ਲਾਸ਼ ਲੈਣ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮ੍ਰਿਤਕ ਦੇਹ ਉਥੇ ਨਹੀਂ ਹੈ। ਉਸ ਦੀ ਲਾਸ਼ ਨੂੰ ਪਹਿਲਾਂ ਹੀ ਚੁੱਕ ਲਿਆ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਇਹ ਲਾਪਰਵਾਹੀ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਬੇਟੇ ਦੇ ਸਰੀਰ ਤੋਂ ਅੰਗ ਕੱਢ ਕੇ ਵੇਚ ਦਿੱਤੇ ਗਏ ਹਨ। ਇਸ ਮਾਮਲੇ ਵਿਚ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਅਤੇ ਆਯੂਸ਼ ਦੇ ਨਾਮ ਬਦਲੇ ਹੋਏ ਹਨ। ਆਯੂਸ਼ ਦੀ ਬਾਡੀ ਮਨੀਸ਼ ਦੀ ਬਾਡੀ ਨਾਲ ਬਦਲੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਫਿਲਹਾਲ ਪੁਲਿਸ ਪਰਿਵਾਰ ਵਾਲਿਆਂ ਨੂੰ ਆਯੂਸ਼ ਦੇ ਫੁੱਲ ਚੁਗਣ ਲਈ ਮਨਾ ਰਹੀ ਹੈ। ADCP ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਲਾਸ਼ ਨੂੰ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਬਹੁਤ ਵੱਡੀ ਲਾਪਰਵਾਹੀ ਹੈ। ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਪੁਲਿਸ ਫੋਰਸ ਨੇ ਚਾਰਜ ਸੰਭਾਲ ਲਿਆ ਹੈ।