visakhapatnam gas leak: ਵਿਸ਼ਾਖਾਪਟਨਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਪੌਲੀਮਰ ਕੰਪਨੀ ਵਿੱਚ ਇੱਕ ਗੈਸ ਲੀਕ ਹੋਣ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਜਾਗ ਦੇ ਪੁਲਿਸ ਕਮਿਸ਼ਨਰ ਅਨੁਸਾਰ ਪਲਾਂਟ ਵਿੱਚ ਫਸੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਪਿੰਡ ਖਾਲੀ ਕਰਵਾ ਲਏ ਗਏ ਹਨ। ਲੋਕਾਂ ਦੀਆਂ ਜਾਨਾਂ ਬਚਾਉਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੁੱਢਲੀਆਂ ਰਿਪੋਰਟਾਂ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਇਹ ਹਾਦਸਾ ਪੌਲੀ ਵਿਨਾਇਲ ਕਲੋਰਾਈਡ ਗੈਸ (ਜਾਂ ਸਟਾਇਰਿਨ ਹੋ ਸਕਦੀ ਹੈ) ਦੇ ਲੀਕ ਹੋਣ ਕਾਰਨ ਹੋਇਆ ਹੈ। ਲੀਕ ਦੀ ਸ਼ੁਰੂਆਤ ਅੱਜ ਸਵੇਰੇ ਕਰੀਬ 2.30 ਵਜੇ ਗੋਪਾਲਾਤਮ ਵਿੱਚ ਐਲਜੀ ਪੋਲੀਮਰ ਤੋਂ ਹੋਈ। ਫੈਕਟਰੀ ਦੇ ਕੰਮਪਾਉਂਡ ਵਿੱਚ ਮੌਜੂਦ ਸੈਂਕੜੇ ਲੋਕ ਗੈਸ ਲੀਕ ਹੋਣ ਕਾਰਨ ਫਸ ਗਏ ਅਤੇ ਜਾਂ ਤਾਂ ਬੇਹੋਸ਼ ਹੋ ਗਏ ਜਾਂ ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਆਈ। ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨਗਰ ਨਿਗਮ ਪ੍ਰਸ਼ਾਸਨ ਵਾਟਰ ਬਲੋਅਰ ਰਾਹੀਂ ਗੈਸ ਦੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸਦੇ ਨਾਲ, ਜਨਤਕ ਸੇਵਾਵਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਮਾਸਕ (ਪਾਣੀ ਨਾਲ ਗਿੱਲਾ ਕਰਨ ਤੋਂ ਬਾਅਦ) ਵਰਤਣ ਲਈ ਕਿਹਾ ਜਾ ਰਿਹਾ ਹੈ।
ਇਸ ਦੇ ਨਾਲ ਗੋਪਾਲਪਤਨਮ ਦੇ ਖੇਤਰ ਵਿੱਚ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਘਰਾਂ ਦੇ ਦਰਵਾਜ਼ੇ ਤੋੜ ਕੇ ਬਾਹਰ ਕੱਢਿਆ ਜਾ ਰਿਹਾ ਹੈ। ਹੁਣ ਤੱਕ 150 ਤੋਂ ਵੱਧ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਚੁੱਕਾ ਹੈ, ਜਿਸ ਵਿੱਚ ਦੋ ਦਰਜਨ ਤੋਂ ਵੱਧ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜ ਪਿੰਡ ਖਾਲੀ ਕਰਵਾ ਲਏ ਗਏ ਹਨ। ਐਨਡੀਆਰਐਫ, ਐਸਡੀਆਰਐਫ ਅਤੇ ਸਥਾਨਕ ਪ੍ਰਸ਼ਾਸਨ ਦੇ ਨਾਲ, ਜਲ ਸੈਨਾ ਦੇ ਜਵਾਨ ਵੀ ਬਚਾਅ ਕਾਰਜਾਂ ਵਿਚ ਲੱਗੇ ਹੋਏ ਹਨ। ਐਨਡੀਆਰਐਫ ਦੀ ਵਿਸ਼ੇਸ਼ ਟੀਮ ਲੋਕਾਂ ਦਾ ਬਚਾਅ ਕਰ ਰਹੀ ਹੈ। ਐਨਡੀਆਰਐਫ ਡੀਜੀ ਦਾ ਕਹਿਣਾ ਹੈ ਕਿ ਲੋਕਾਂ ਦੀ ਜਾਨ ਬਚਾਉਣਾ ਸਾਡੀ ਪਹਿਲੀ ਤਰਜੀਹ ਹੈ।