Vishal Nagar Kirtan : ਅੰਮ੍ਰਿਤਸਰ : ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ਾਲ ਨਗਰ ਕੀਰਤਨ ਕੱਲ੍ਹ 20 ਮਾਰਚ ਨੂੰ ਤੋਂ ਸਵੇਰੇ 8:30 ਵਜੇ ਸਜਾਇਆ ਜਾਵੇਗਾ। ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਮਹਿਲ ਤੋਂ ਕੱਢਿਆ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਨੌਵੇਂ ਪਾਤਸ਼ਾਹ ਨਾਲ ਸਬੰਧਤ ਵੱਖ-ਵੱਖ ਗੁਰ-ਅਸਥਾਨਾਂ ਤੋਂ ਹੁੰਦਾ ਹੋਇਆ ਅਗਲੇ ਪੜਾਵਾਂ ਵੱਲ ਵਧੇਗਾ। ਇਹ ਨਗਰ ਕੀਰਤਨ ਪੰਜਾਬ, ਹਰਿਆਣਾ ਤੋਂ ਦਿੱਲੀ ਅਤੇ ਫਿਰ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਕੇ ਸੰਪੂਰਨ ਹੋਵੇਗਾ।
ਇਹ ਜਾਣਕਾਰੀ ਐਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦਿੱਤੀ। 400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਸਮਾਗਮ ਵੀ ਉਲੀਕੇ ਗਏ ਹਨ, ਜਿਨ੍ਹਾਂ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਹੋ ਚੁੱਕੀ ਹੈ। ਇਸੇ ਤਹਿਤ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ 24 ਮਾਰਚ ਤੋਂ 28 ਮਾਰਚ ਤੱਕ ਦੇ ਗੁਰਮਤਿ ਸਮਾਗਮ ਰੱਖੇ ਗਏ ਹਨ। ਜਿਸ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਗਮ ਕਰਵਾਏ ਜਾਣਗੇ ਅਤੇ ਮੁੱਖ ਸਮਾਗਮ ਸ੍ਰੀ ਅੰਮ੍ਰਿਤਸਰ ਵਿਖੇ 1 ਮਈ ਨੂੰ ਹੋਵੇਗਾ। ਮੁੱਖ ਸਮਾਗਮ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਵਿਖੇ ਹਫਤਾ ਭਰ ਵੱਖ-ਵੱਖ ਸਮਾਗਮ ਕਰਵਾਏ ਜਾਣਗੇ ਅਤੇ ਸਾਰੇ ਸ਼ਹਿਰ ਨੂੰ ਰੁਸ਼ਨਾਇਆ ਜਾਵੇਗਾ।