ਭਾਜਪਾ ਦਾ ਅੱਜ ਵਿਧਾਨ ਸਭਾ ਦਾ ਘਿਰਾਓ ਕਰਨ ਦੇ ਪਲਾਨ ‘ਤੇ ਪੂਰੀ ਤਰ੍ਹਾਂ ‘ਪਾਣੀ’ ਹੀ ਫਿਰ ਗਿਆ। ਇੱਥੋਂ ਤੱਕ ਕਿ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦੀ ਮੇਨ ਰੋਡ ਤੋਂ ਅੱਗੇ ਹੀ ਨਹੀਂ ਵਧਣ ਦਿੱਤਾ। ਜਦੋਂ ਉਨ੍ਹਾਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਵਾਟਰ ਕੈਨਨ ਨਾਲ ਪਾਣੀ ਦੀਆਂ ਵਾਛੜਾਂ ਕਰਕੇ ਉਨ੍ਹਾਂ ਨੂੰ ਭਜਾ ਦਿੱਤਾ। ਇਸ ਦੇ ਨਾਲ ਹੀ ਦਰਜਨਾਂ ਵਰਕਰਾਂ ਨੂੰ ਬੱਸ ਵਿੱਚ ਭਰ ਕੇ ਭਾਜਪਾ ਦਫ਼ਤਰ ਤੋਂ ਚੁੱਕ ਕੇ ਲੈ ਗਏ।
ਪੰਜਾਬ ਭਾਜਪਾ ਅਤੇ ਚੰਡੀਗੜ੍ਹ ਪੁਲਿਸ ਵਿਚਾਲੇ ਕਰੀਬ ਇੱਕ ਘੰਟਾ ਸੰਘਰਸ਼ ਜਾਰੀ ਰਿਹਾ ਪਰ ਮੌਕੇ ’ਤੇ ਤਾਇਨਾਤ ਭਾਰੀ ਪੁਲਿਸ ਫੋਰਸ ਨੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਪਿਛਲੀ ਵਾਰ ਦੀ ਤਰ੍ਹਾਂ ਹੀ ਰੋਕੀ ਰੱਖਿਆ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਵੇਰ ਤੋਂ ਹੀ ਟਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ ਪਰ ਪੁਲਿਸ ਮੁਲਾਜ਼ਮਾਂ ਵੱਲੋਂ ਵਾਟਰ ਕੈਨਨ ਦੀ ਵਰਤੋਂ ਕਰਦਿਆਂ ਮੁੱਖ ਮਾਰਗ ’ਤੇ ਆਵਾਜਾਈ ਕੁਝ ਸਮੇਂ ਲਈ ਬੰਦ ਰੱਖੀ ਗਈ।
ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ। ਆਮ ਲੋਕਾਂ ਨੂੰ ਸੂਬੇ ਵਿੱਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਲੱਗ ਰਿਹਾ। ਕਾਂਗਰਸ ਤੋਂ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਨੇਤਾ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੇ ਹਰ ਖੇਤਰ ਲਈ ਚੁਣੌਤੀਆਂ ਖੜ੍ਹੀਆਂ ਹਨ। ਅਪਰਾਧਿਕ ਵਾਰਦਾਤਾਂ ਦੀ ਰੋਕਥਾਮ ਨਹੀਂ ਹੋਣ ਨਾਲ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੂੰ ਅੱਜ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਹੇਠ ਵਿਧਾਨ ਸਭਾ ਦਾ ਘਿਰਾਓ ਕਰਨਾ ਪਿਆ। ਸਮੂਹ ਆਗੂਆਂ ਤੇ ਵਰਕਰਾਂ ਨੇ ਪੰਜਾਬ ਭਾਜਪਾ ਦਫ਼ਤਰ ਸੈਕਟਰ-37 ਤੋਂ ਪੈਦਲ ਮਾਰਚ ਕੱਢ ਕੇ ਵਿਧਾਨ ਸਭਾ ਪੁੱਜਣਾ ਸੀ। ਇਸ ਤੋਂ ਪਹਿਲਾਂ ਭਾਜਪਾ ਆਗੂਆਂ ਨੇ ਦਫ਼ਤਰ ਨੇੜੇ ਸਥਾਪਤ ਸਟੇਜ ਤੋਂ ਵਰਕਰਾਂ ਨੂੰ ਸੰਬੋਧਨ ਵੀ ਕੀਤਾ, ਪਰ ਚੰਡੀਗੜ੍ਹ ਪੁਲੀਸ ਨੇ ਕਿਸੇ ਨੂੰ ਵੀ ਅੱਗੇ ਨਹੀਂ ਵਧਣ ਦਿੱਤਾ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਆਮ ਆਦਮੀ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਯਤਨ ਕਰਦੇ ਰਹਿਣਗੇ।
ਇਹ ਵੀ ਪੜ੍ਹੋ : ਹੰਗਾਮੇਦਾਰ ਰਿਹਾ ਵਿਧਾਨ ਸਭਾ ਬਜਟ ਸੈਸ਼ਨ ਦਾ ਚੌਥਾ ਦਿਨ, ਮੂਸੇਵਾਲਾ ਕਤਲਕਾਂਡ ‘ਤੇ ਭਖਿਆ ਮਾਹੌਲ
ਪੰਜਾਬ ਭਾਜਪਾ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਵੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਗੱਲ ਕਹੀ ਸੀ। ਫਿਰ ਚੰਡੀਗੜ੍ਹ ਦੇ ਸੈਕਟਰ-37 ਸਥਿਤ ਭਾਜਪਾ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਪਰ ਉਸ ਦੌਰਾਨ ਵੀ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਦੀ ਵਰਖਾ ਕਰਕੇ ਭਾਜਪਾ ਆਗੂਆਂ ਤੇ ਵਰਕਰਾਂ ਨੂੰ ਭਜਾ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: