Woman locked police station : ਬਰਨਾਲਾ ਵਿਖੇ ਇਕ ਔਰਤ ਵੱਲੋਂ ਥਾਣੇ ਵਿਚ ਪੁਲਿਸ ਨੂੰ ਹੀ ਤਾਲਾ ਲਾ ਕੇ ਡੱਕ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਮੁਲਾਜ਼ਮ ਚਾਰ ਘੰਟੇ ਵਿਚ ਥਾਣੇ ਵਿਚ ਬੰਦ ਰਹੇ ਤੇ ਔਰਤ ਤੇ ਉਸ ਦੇ ਰਿਸ਼ਤੇਦਾਰ ਬਾਹਰ ਧਰਨਾ ਲਗਾ ਕੇ ਬੈਠ ਕਏ। ਚਾਰ ਘੰਟੇ ਤੱਕ ਪੁਲਿਸ ਮੁਲਾਜ਼ਮ ਥਾਣੇ ਵਿਚ ਬੰਦ ਰਹੇ। ਔਰਤ ਨੇ ਦੋਸ਼ ਲਗਾਇਆ ਕਿ ਉਸ ਨੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਤੇ ਪੁਲਿਸ ਨੇ ਰਿਸ਼ਵਤ ਲੈ ਕੇ ਉਸ ਦੇ ਪਤੀ ਨੂੰ ਛੱਡ ਦਿੱਤਾ, ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਪੁਲਿਸ ਨੂੰ ਥਾਣੇ ਵਿਚ ਬੰਦ ਕਰਕੇ ਬਾਹਰ ਧਰਨਾ ਲਗਾਇਆ ਹੈ। ਇਸ ਬਾਰੇ ਡੀਐਸਪੀ ਟਿਵਾਨਾ ਨੇ ਕਿਹਾ ਹੈ ਕਿ ਪੁਲਿਸ ’ਤੇ ਔਰਤ ਵੱਲੋਂ ਲਗਾਏ ਦੋਸ਼ਾਂ ਦੀ ਜਾਂਚ ਕੀਤੀ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਮਾਣਾ ਦੀ ਰਵੀਨਾ ਨੇ ਦੱਸਿਆ ਕਿ ਉਸ ਦਾ ਪਤੀ ਅਵਿਨਾਸ਼ ਕੁਮਾਰ ਅਕਸਰ ਉਸ ਨਾਲ ਮਾਰਕੁੱਟ ਕਰਦਾ ਹੈ, ਜਿਸ ਸਬੰਧੀ ਉਸ ਨੇ ਬੱਸ ਸਟੈਂਡ ਕੋਲ ਸਥਿਤ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਨਾਮਜ਼ਦ ਦੋਸ਼ੀਆਂ ਨੂੰ ਪੁਲਿਸ ਥਾਣੇ ’ਚ ਬੁਲਾ ਕੇ ਉਸ ਕੋਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈ ਕੇ ਉਸ ਨੂੰ ਛੱਡ ਦਿੱਤਾ। ਜਿਸ ’ਤੇ ਗੁੱਸੇ ਵਿਚ ਆਈ ਔਰਤ ਨੇ ਆਪਣੇ ਪਰਿਵਾਰ ਵਾਲਿਆਂ ਅਤੇ ਰਿਸ਼ਤੇਦਾਰਾਂ ਨਾਲ ਪੁਲਿਸ ਥਾਣੇ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ ਅਤੇ ਇਸ ਤੋਂ ਬਾਅਦ ਗੇਟ ਦੇ ਸਾਹਮਣੇ ਧਰਨਾ ਦੇ ਕੇ ਬੈਠ ਗਈ।
ਇਸ ਬਾਰੇ ਡੀਐਸਪੀ ਸਿਟੀ ਲਖਬੀਰ ਸਿੰਘ ਟਿਵਾਨਾ ਨੇ ਕਿਹਾ ਕਿ ਪੁਲਿਸ ਨੇ ਔਰਤ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ’ਤੇ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਉਹ ਖੁਦ ਜਾਂਚ ਕਰਨਗੇ। ਉਨਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਪਾਰਟੀ ਨੂੰ ਸਮਾਣਾ ਵਿਖੇ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਇਸੇ ਪੁਲਿਸ ਥਾਣੇ ਦੇ ਏਐਸਆਈ ’ਤੇ ਕਿਸੇ ਹੋਰ ਮਾਮਲੇ ਵਿਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਜਾ ਚੁੱਕਾ ਹੈ, ਜਿਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਸ ਕੋਲੋਂ ਇਕ ਲੱਖ ਪੰਜ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਸਨ।