YAD will besiege Delhi Police : ਚੰਡੀਗੜ੍ਹ : ਯੂਥ ਅਕਾਲੀ ਦਲ 26 ਜਨਵਰੀ ਨੂੰ ਕੌਮੀ ਰਾਜਧਾਨੀ ਵਿਚ ਵਾਪਰੀਆਂ ਘਟਨਾਵਾਂ ਲਈ ਪੰਜਾਬੀ ਨੌਜਵਾਨਾਂ ਖਿਲਾਫ ਝੁਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਦਿੱਲੀ ਪੁਲਿਸ ਅਮਲੇ ਦਾ ਘਿਰਾਓ ਕਰੇਗਾ। ਯੂਥ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਯੂਥ ਵਿੰਗ ਨੂੰ ਇਹ ਰਿਪੋਰਟਾਂ ਮਿਲੀਆਂ ਹਨ ਕਿ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬੀ ਨੌਜਵਾਨਾ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਨੌਜਵਾਨਾਂ ਨਾਲ ਡੱਟ ਕੇ ਖੜ੍ਹੇ ਹੋਵਾਂਗੇ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦਾ ਹਰ ਅਹੁਦੇਦਾਰ ਤੇ ਵਰਕਰ ਉਸ ਨੌਜਵਾਨਾਂ ਦਾ ਸਾਥ ਦੇਵੇਗਾ ਜਿਸਨੁੰ ਦਿੱਲੀ ਪੁਲਿਸ ਨੇ ਗਲਤ ਢੰਗ ਨਾਲ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਸਾਰ ਪ੍ਰਭਾਵਤ ਪਰਿਵਾਰਾਂ ਨੁੰ ਬੇਨਤੀ ਕਰਦੇ ਹਨ ਕਿ ਉਹ ਇਸ ਸਬੰਧ ਵਿਚ ਯੂਥ ਅਕਾਲੀ ਦਲ ਦੀ ਮਦਦ ਲੈਣ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨਾਲ ਕਿਸੇ ਵੀ ਕੀਮਤ ’ਤੇ ਵਿਤਕਰਾ ਨਹੀਂ ਹੋਣ ਦੇਵਾਂਗੇ।
ਪਰਮਬੰਸ ਸਿੰਘ ਰੋਮਾਣਾ ਨੇ ਕਾਂਗਰਸ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਵਿਚੋਂ ਨੌਜਵਾਨਾਂ ਦੀ ਗ੍ਰਿਫਤਾਰੀ ਦੀ ਆਗਿਆ ਦੇਣ ਦੇ ਤਰੀਕੇ ’ਤੇ ਵੀ ਹੈਰਾਨੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਸਰਕਾਰ ਨਾਲ ਰਲ ਕੇ ਫਿਕਸ ਮੈਚ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਉਹਨਾਂ ਨੇ ਪੰਜਾਬ ਪੁਲਿਸ ਨੂੰ ਇਹ ਹਦਾਇਤ ਨਹੀਂ ਦਿੱਤੀ ਕਿ ਕਿਸੇ ਵੀ ਪੰਜਾਬੀ ਨੌਜਵਾਨ ਨਾਲ ਕਿਸੇ ਵੀ ਤਰੀਕੇ ਵਿਤਕਰਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਪੰਜਾਬ ਪੁਲਿਸ ਨੂੰ ਭਰੋਸੇ ਵਿਚ ਲਏ ਬਗੈਰ ਪੰਜਾਬ ਵਿਚੋਂ ਕਿਸੇ ਵੀ ਨੌਜਵਾਨ ਨੂੰ ਗ੍ਰਿਫਤਾਰ ਨਹੀਂ ਕਰ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਆਪਣੇ ਬਲਬੂਤੇ ਅਜਿਹਾ ਕਰਦੀ ਹੈ ਤਾਂ ਫਿਰ ਇਸਦੇ ਅਧਿਕਾਰੀਆਂ ਖਿਲਾਫ ਨਜਾਇਜ਼ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਯੂਥ ਅਕਾਲੀ ਦਲ ਦੇ ਆਗੂ ਨੇ ਇਹ ਵੀ ਐਲਾਨ ਕੀਤਾ ਕਿ ਯੂਥ ਵਿੰਗ 15 ਮਾਰਚ ਤੋਂ ਸ਼ੁਰੂ ਕਰ ਕੇ ਸਾਰੇ ਹਲਕਿਆਂ ਵਿਚ ਰੈਲੀਆਂ ਕਰੇਗਾ। ਉਨ੍ਹਾਂ ਕਿਹਾ ਕਿ ਯੂਥ ਵਿੰਗ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਹੁਸੈਨੀਵਾਲਾ ਵਿਚ ਵੀ ਵਿਸ਼ਾਲ ਰੈਲੀ ਕਰੇਗਾ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਸਾਰੇ ਸੂਬੇ ਦੇ ਨੌਜਵਾਨਾਂ ਨੂੰ ਲਾਮਬੱਧ ਕਰ ਕੇ ਕਾਂਗਰਸ ਸਰਕਾਰ ਨੂੰ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰੇਗਾ ਭਾਵੇਂ ਉਹ ਘਰ-ਘਰ ਨੌਕਰੀ ਦਾ ਵਾਅਦਾ ਹੋਵੇ ਜਾਂ ਫਿਰ 2000 ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ। ਉਨ੍ਹਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਵੱਲੋਂ ਗੁਟਕਾ ਸਾਹਿਬ ਦੀ ਝੁਠੀ ਸਹੁੰ ਚੁੱਕਣ ਤੇ ਉਹਨਾਂ ਵੱਲੋਂ ਸੂਬੇ ਵਿਚ ਕਿਸਾਨਾਂ ਲਈ ਪੂਰਨ ਕਰਜ਼ਾ ਮੁਆਫੀ ਲਾਗੂ ਨਾ ਕਰਨ ਜਿਸ ਕਾਰਨ 1500 ਕਿਸਾਨਾਂ ਨੇ ਆਤਮ ਹੱਤਿਆ ਕੀਤੀ, ਨੂੰ ਵੀ ਕਰੜੇ ਹੱਥੀਂ ਲਵਾਂਗੇ।
ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਦੀ ਮੀਟਿੰਗ ਵਿਚ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂਜੋ 1 ਮਾਰਚ ਦਾ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿਧਾਨ ਸਭਾ ਤੱਕ ਰੋਸ ਮਾਰਚ ਸਫਲ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਵਰਕਰਾਂ ਨੇ ਦੱਸਿਆ ਕਿ ਨੋਜਵਾਨਾ ਵਿਚ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਨਾਲ ਠੱਗੀ ਮਾਰਨ ਵਿਰੁੱਧ ਸਰਕਾਰ ਨੁੰ ਘੇਰਨ ਲਈ ਕਾਫੀ ਉਤਸ਼ਾਹ ਹੈ। ਯੂਥ ਅਕਾਲੀ ਦਲ ਆਉਂਦੇ ਬਜਟ ਸੈਸ਼ਨ ਵਿਚ ਵੱਖ-ਵੱਖ ਘੁਟਾਲਿਆਂ ਨੁੰ ਚੁੱਕੇਗਾ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੁੰ 6500 ਕਰੋੜ ਰੁਪਏ ਦਾ ਨੁਕਸਾਨ ਹੋਇਆ ਭਾਵੇਂ ਉਹ ਸ਼ਰਾਬ ਘੁਟਾਲਾ, ਨਜਾਇਜ਼ ਰੇਤ ਮਾਇਨਿੰਗ ਜਾਂ ਨਜਾਇਜ਼ ਡਿਸਟਰੀਲਰੀਆਂ ਦਾ ਮਾਮਲਾ ਹੋਵੇ ਜਾਂ ਫਿਰ ਨਕਲੀ ਬੀਜ ਘੁਟਾਲਾ।