ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੇ ਹੱਕ ਵਿੱਚ ਰੱਖੀਆਂ ਗਈਆਂ ਵੱਖ-ਵੱਖ ਭਰਵੀਆਂ ਮੀਟਿੰਗਾਂ ਦੌਰਾਨ ਹਲਕਾ ਗਿੱਲ, ਹਲਕਾ ਆਤਮ ਨਗਰ, ਹਲਕਾ ਪੱਛਮੀ ਅਤੇ ਹਲਕਾ ਪੂਰਬੀ ਵਿਖੇ ਵੱਡੇ ਇਕੱਠਾ ਨੂੰ ਸੰਬੋਧਨ ਕੀਤਾ ਗਿਆ।
ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਸਾਨੂੰ ਸੋਚਣਾ ਚਾਹੀਦਾ ਹੈ ਕਿ ਅੱਜ ਤੋਂ ਸੱਤ ਸਾਲ ਪਹਿਲਾਂ ਦੇ ਅਕਾਲੀ ਦਲ ਦੇ ਸਮੇਂ ਦੌਰਾਨ ਲੋਕਾਂ ਨੂੰ ਸਾਰਿਆਂ ਸੁੱਖ ਸੁਵਿਧਾਵਾਂ ਹਾਸਿਲ ਸਨ ਤੇ ਪੰਜਾਬ ਦੇ ਵਿੱਚ ਇੰਨੀ ਜੁਅਰਤ ਸੀ ਕਿ ਉਹ ਸੈਂਟਰ ਤੋਂ ਆਪਣੇ ਹੱਕ ਲੈਣ ਲਈ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕੇ। ਉਹਨਾਂ ਕਿਹਾ ਕਿ ਉਸ ਸਮੇਂ ਨੂੰ ਯਾਦ ਕਰਨ ਦੀ ਲੋੜ ਹੈ, ਜਦਕਿ ਅੱਜ ਸਾਡੇ ਨਾਲ ਜਿਹੜੇ ਬਦਲਾਅ ਦੇ ਨਾਮ ਠੱਗੀ ਹੋਈ ਆ, ਹੁਣ ਪਲਟਣ ਦੀ ਲੋੜ ਆ।
ਉਹਨਾਂ ਕਿਹਾ ਕਿ ਸਾਡੇ ਵੱਲੋਂ ਤੁਹਾਨੂੰ ਇਮਾਨਦਾਰ ਦਿਆਨਤਦਾਰ ਤੇ ਹਰ ਬੰਦੇ ਨਾਲ, ਹਰ ਵਰਕਰ ਨਾਲ ਖੜਨ ਵਾਲਾ ਨੁਮਾਇੰਦਾ ਦਿੱਤਾ ਗਿਆ ਹੈ, ਜਿਹੜਾ ਲੁਧਿਆਣੇ ਦੀ ਹਰ ਸਮੱਸਿਆ ਲਈ ਸੰਜੀਦਗੀ ਨਾਲ ਵਿਚਾਰ ਕਰਕੇ ਖੜਨ ਵਾਲਾ ਬੰਦਾ ਹੈ ਜਿਸ ਦਾ ਕੰਮ ਤੁਸੀਂ ਪਹਿਲਾਂ ਵੀ ਦੇਖਿਆ ਹੋਇਆ ਹੈ। ਸਰਦਾਰ ਬਾਦਲ ਨੇ ਅੱਗੇ ਕਿਹਾ ਕਿ ਅੱਜ ਅਸੀਂ ਜਿਹੜੀ ਲੜਾਈ ਲੜ ਰਹੇ ਹਾਂ, ਇਹ ਪੰਜਾਬ ਦੀ, ਪੰਜਾਬੀ ਦੀ ਤੇ ਪੰਜਾਬੀਅਤ ਦੀ ਸਰਵਾਈਵਲ ਦੀ ਲੜਾਈ ਆ, ਕਿਉਂਕਿ ਆਪਾਂ ਪੰਜਾਬ ਨੂੰ ਸੁਨਹਿਰੀ ਇਤਿਹਾਸ ਵੱਲ ਲੈ ਕੇ ਜਾਣਾ ਹੈ ਤੇ ਆਪਣੀ ਇਸ ਹੋਂਦ ਦੀ ਲੜਾਈ ਨੂੰ ਜਿੱਤਣ ਦਾ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇੱਕ ਮੌਕਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹਰ ਵਰਕਰ ਨੇ ਇਸ ਲੜਾਈ ਨੂੰ ਇਹ ਸਮਝ ਕੇ ਲੜਨਾ ਹੈ ਕਿ ਜਿਸ ਤਰਾਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿੱਥੇ ਜਾ ਕੇ ਖੜ ਜਾਂਦੇ ਸੀ ਤਾਂ ਸਾਰਾ ਪੰਜਾਬ ਹੀ ਉੱਥੇ ਖੜ੍ਹਾ ਸਮਝਿਆ ਜਾਂਦਾ ਸੀ ਕਿਉਂਕਿ ਉਹ ਸਾਰੇ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਸੀ। ਉੱਥੇ ਹੀ ਆਪਾਂ ਵੀ ਆਪਣੇ ਆਪ ਨੂੰ ਦੇਖਣਾ ਹੈ ਤੇ ਇਨ੍ਹਾਂ ਚੋਣਾਂ ਦੌਰਾਨ 13 ਦੀਆਂ 13 ਸੀਟਾਂ ਜਿਤਾ ਕੇ ਅਕਾਲੀ ਦਲ ਨੂੰ ਭੇਜੋ ਤਾਂ ਕਿ ਸੈਂਟਰ ਦੀਆਂ ਅੱਖਾਂ ਚ ਅੱਖਾਂ ਪਾ ਕੇ ਪੰਜਾਬ ਦੁਬਾਰਾ ਗੱਲ ਕਰ ਸਕੇ।
ਇਸ ਰੈਲੀਆਂ ਦੌਰਾਨ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਰਣਜੀਤ ਸਿੰਘ ਢਿੱਲੋਂ, ਦਰਸ਼ਨ ਸਿੰਘ ਸ਼ਿਵਾਲਿਕ, ਮਹੇਸ਼ ਇੰਦਰ ਸਿੰਘ ਗਰੇਵਾਲ, ਬੋਬੀ ਗਰਚਾ, ਭੁਪਿੰਦਰ ਸਿੰਘ ਭਿੰਦਾ ਆਦਿ ਨੇ ਕਿਹਾ ਕਿ ਬਾਹਰਲੀਆਂ ਪਾਰਟੀਆਂ ਦੇ ਰਾਜਨੀਤਿਕ ਆਗੂਆਂ ਦੇ ਲਈ ਪੰਜਾਬ ਦੀ ਧਰਤੀ ਟੂਰਿਜ਼ਮ ਬਣੀ ਹੋਈ ਹੈ ਜਿੱਥੇ ਕਿ ਉਹ ਆਉਂਦੇ ਹਨ ਤੇ ਵੋਟਾਂ ਹਾਸਲ ਕਰਕੇ ਤੁਰਦੇ ਬਣਦੇ ਹਨ।
ਇਹ ਵੀ ਪੜ੍ਹੋ : ‘200 ਯੂਨਿਟ ਫ੍ਰੀ ਬਿਜਲੀ, ਅਗਨੀਵੀਰ ਖ਼ਤਮ…’ ਕੇਜੀਰਵਾਲ ਨੇ ਦਿੱਤੀਆਂ 10 ਗਾਰੰਟੀਆਂ
ਉਹਨਾਂ ਕਿਹਾ ਕਿ ਸਿਰਫ ਇਨਾ ਹੀ ਨਹੀਂ ਦਿੱਲੀ ਵਾਲੇ ਤਾਂ ਰਾਜ ਕਰਨਾ ਜਾਣਦੇ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਰਾਜ ਨਹੀਂ ਸੇਵਾ ਦੇ ਨਾਅਰੇ ਤੇ ਹਰ ਸਮੇਂ ਪਹਿਰਾ ਦਿੱਤਾ ਹੈ ਅਤੇ ਅੱਗੇ ਵੀ ਸੇਵਾ ਕਰਦਾ ਰਹੇਗਾ। ਇਨ੍ਹਾਂ ਸਮਾਗਮਾਂ ਦੌਰਾਨ ਸਮੁੱਚੀ ਲੀਡਰਸ਼ਿਪ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਹਿਬਾਨ, ਵਰਕਰ ਸਾਹਿਬਾਨ ਅਤੇ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: