ਪੰਜਾਬ-ਹਰਿਆਣਾ ਸਮੇਤ ਉੱਤਰੀ ਭਾਰਤ ਅਸਮਾਨ ਤੋਂ ਵਰ੍ਹ ਰਹੀ ਅੱਗ ਕਾਰਨ ਉਬਲਣਾ ਸ਼ੁਰੂ ਹੋ ਗਿਆ ਹੈ। ਪੰਜਾਬ ‘ਚ ਪਾਰਾ 49 ਡਿਗਰੀ ਨੂੰ ਪਾਰ ਕਰ ਗਿਆ, ਗਰਮੀ ਸਾਰੇ ਰਿਕਾਰਡ ਤੋੜ ਦਿੱਤੇ। ਮੰਗਲਵਾਰ ਨੂੰ ਬਠਿੰਡਾ 49.3 ਡਿਗਰੀ ਦੇ ਨਾਲ ਸਭ ਤੋਂ ਗਰਮ ਰਿਹਾ।
ਮੌਸਮ ਵਿਭਾਗ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਮਈ ਮਹੀਨੇ ਵਿੱਚ ਪਾਰਾ 49 ਡਿਗਰੀ ਨੂੰ ਪਾਰ ਕਰ ਗਿਆ ਹੈ। ਬਠਿੰਡਾ ਤੇ ਲੁਧਿਆਣਾ ਤੇਜ਼ ਗਰਮੀ ਦੀ ਲਪੇਟ ਵਿੱਚ ਰਹੇ। ਅੰਮ੍ਰਿਤਸਰ, ਪਟਿਆਲਾ, ਪਠਾਨਕੋਟ, ਆਦਮਪੁਰ, ਹਲਵਾਰਾ, ਫਰੀਦਕੋਟ ਵਿੱਚ ਲੂ ਚੱਲਦੀ ਰਹੀ। ਮੰਗਲਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਇਹ ਹੁਣ ਆਮ ਨਾਲੋਂ 6.5 ਡਿਗਰੀ ਵੱਧ ਪਹੁੰਚ ਗਿਆ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਤੇਜ਼ ਗਰਮੀ ਦਾ ਰੈੱਡ ਅਲਰਟ ਜਾਰੀ ਕੀਤਾ ਹੈ ਪਰ ਵੀਰਵਾਰ ਤੋਂ ਇਸ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ 6 ਜ਼ਿਲ੍ਹਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ ‘ਚ ਰੈੱਡ ਅਲਰਟ ਰਹੇਗਾ। ਜਦਕਿ ਪੂਰੇ ਸੂਬੇ ‘ਚ ਆਰੇਂਜ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅੱਜ ਸਾਰੇ ਸ਼ਹਿਰਾਂ ਵਿੱਚ 1 ਤੋਂ 2 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੇਗੀ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਰਾਹੁਲ ਗਾਂਧੀ ਦੀਆਂ 3 ਵੱਡੀਆਂ ਚੋਣ ਰੈਲੀਆਂ, ਕਾਂਗਰਸੀ ਵਰਕਰਾਂ ‘ਚ ਭਾਰੀ ਉਤਸ਼ਾਹ
ਵਿਭਾਗ ਨੇ ਵੀਰਵਾਰ ਤੋਂ ਚਾਰ ਦਿਨਾਂ ਤੱਕ ਪੰਜਾਬ ‘ਚ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਮੁਤਾਬਕ ਇਸ ਦੌਰਾਨ ਦਿਨ ਦੇ ਤਾਪਮਾਨ ‘ਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਆ ਸਕਦੀ ਹੈ, ਇਸ ਦੇ ਬਾਵਜੂਦ ਹੋਰ ਥਾਵਾਂ ‘ਤੇ ਗਰਮੀ ਦਾ ਕਹਿਰ ਜਾਰੀ ਰਹੇਗਾ। ਵਿਭਾਗ ਮੁਤਾਬਕ 29 ਮਈ ਤੋਂ ਨਵਾਂ ਪੱਛਮੀ ਗੜਬੜੀ ਸਰਗਰਮ ਹੋਣ ਜਾ ਰਹੀ ਹੈ। ਜਿਸ ਕਾਰਨ ਕਈ ਰਾਜਾਂ ਵਿੱਚ ਮੀਂਹ ਅਤੇ ਗੜੇਮਾਰੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਮੌਸਮ ਵਿਭਾਗ ਮੁਤਾਬਕ ਜੂਨ ਦਾ ਮਹੀਨਾ ਵੀ ਰਾਹਤ ਵਾਲਾ ਨਜ਼ਰ ਨਹੀਂ ਆ ਰਿਹਾ। ਜੂਨ ਮਹੀਨੇ ਵਿੱਚ ਵੀ ਗਰਮੀ ਦਾ ਕਹਿਰ ਜਾਰੀ ਰਹਿਣ ਦਾ ਅਨੁਮਾਨ ਹੈ।
ਪੰਜਾਬ ਦੇ ਅੱਠ ਸ਼ਹਿਰਾਂ ਵਿੱਚ ਤਾਪਮਾਨ 46 ਤੱਕ ਪਹੁੰਚ ਗਿਆ ਹੈ
ਸ਼ਹਿਰ ਦਿਨ -ਰਾਤ
ਬਠਿੰਡਾ 49.3 28.0
ਫ਼ਿਰੋਜ਼ਪੁਰ 46.9 24.3
ਬਰਨਾਲਾ 46.8 25.8
ਪਟਿਆਲਾ 46.6 26.0
ਅੰਮ੍ਰਿਤਸਰ 46.3 24.8
ਲੁਧਿਆਣਾ 46.2 25.0
ਪਠਾਨਕੋਟ 46.0 25.2
ਫਰੀਦਕੋਟ 46.0 27.0
ਵੀਡੀਓ ਲਈ ਕਲਿੱਕ ਕਰੋ -: