ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਗੁਰਦਾਸਪੁਰ ਦੇ ਪਿੰਡ ਡੇਹਰੀਵਾਲ ਕਿਰਨ ਅਤੇ ਅਵਾਂਖਾ ਵਿਖੇ ਪਹੁੰਚ ਕੇ ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਸਰਕਾਰ ਆਪਣੇ ਨੌਜਵਾਨਾਂ ਨੂੰ ਸਹੀ ਸਲਾਮਤ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕਰੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਪਿੰਡ ਡੇਹਰੀਵਾਲ ਕਿਰਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਦੱਸਿਆ ਕਿ ਗਗਨਦੀਪ ਸਿੰਘ 23 ਦਸੰਬਰ 2023 ਨੂੰ ਟੂਰਿਸਟ ਵੀਜ਼ੇ ‘ਤੇ ਰੂਸ ਗਿਆ ਸੀ, ਜਿੱਥੇ ਰੂਸੀ ਫੌਜ ਨੇ ਉਸ ਨੂੰ ਅਤੇ ਹੋਰ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਫੜ ਕੇ ਰੂਸੀ ਫੌਜ ਵਿੱਚ ਭਰਤੀ ਕਰ ਲਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਵਾਪਸ ਲਿਆਂਦਾ ਜਾਵੇ।
ਮੰਤਰੀ ਧਾਲੀਵਾਲ ਨੇ ਦੱਸਿਆ ਕਿ ਰੂਸ ਵਿੱਚ ਫਸੇ ਤਿੰਨ ਨੌਜਵਾਨ ਗੁਰਦਾਸਪੁਰ ਜ਼ਿਲ੍ਹੇ ਦੇ ਡੇਹਰੀਵਾਲ ਕਿਰਨ, ਅਵਾਂਖਾ ਅਤੇ ਜੰਦੇਹ ਦੇ ਰਹਿਣ ਵਾਲੇ ਹਨ। ਇੱਕ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੈ ਅਤੇ ਦੋ ਨੌਜਵਾਨ ਹਰਿਆਣਾ ਦੇ ਹਨ। ਉਨ੍ਹਾਂ ਕਿਹਾ ਕਿ ਅਜੇ ਤੱਕ ਨੌਜਵਾਨ ਦੀ ਸ਼ਨਾਖਤ ਨਹੀਂ ਹੋ ਸਕੀ ਅਤੇ ਜਲਦੀ ਹੀ ਉਸ ਦੀ ਪਛਾਣ ਕਰ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਇਹ ਮੁੱਦਾ ਵਿਦੇਸ਼ ਮੰਤਰਾਲੇ, ਰੂਸ ਵਿੱਚ ਭਾਰਤੀ ਰਾਜਦੂਤ ਅਤੇ ਭਾਰਤ ਵਿੱਚ ਰੂਸ ਦੇ ਰਾਜਦੂਤ ਕੋਲ ਉਠਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਉਠਾਇਆ ਹੈ ਅਤੇ ਮੰਗ ਕੀਤੀ ਹੈ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿਸ ਦਾ ਜਲਦੀ ਹੱਲ ਹੋਣਾ ਬਹੁਤ ਜ਼ਰੂਰੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਨੌਜਵਾਨ ਪੰਜਾਬ ਦੇ ਹਨ, ਜੋ ਵਿਜ਼ਟਰ ਵੀਜ਼ੇ ‘ਤੇ ਰੂਸ ਗਏ ਸਨ ਪਰ ਉਨ੍ਹਾਂ ਨੂੰ ਜ਼ਬਰਦਸਤੀ ਰੂਸੀ ਫੌਜ ‘ਚ ਭਰਤੀ ਕਰ ਲਿਆ ਗਿਆ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ‘ਚ ਬੱਝੇ ਅਦਾਕਾਰਾ ਸੁਖਮਨੀ ਸਦਾਨਾ ਤੇ ਨਿਰਮਾਤਾ ਸੰਨੀ ਗਿੱਲ, ਵੇਖੋ ਖ਼ੂਬਸੂਰਤ ਤਸਵੀਰਾਂ
ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਨੌਜਵਾਨਾਂ ਨੂੰ ਭੇਜਣ ਸਮੇਂ ਏਜੰਟਾਂ ਨੇ ਵੀਜ਼ਾ ਨਿਯਮਾਂ ਜਾਂ ਇਮੀਗ੍ਰੇਸ਼ਨ ਐਕਟ ਦੀ ਉਲੰਘਣਾ ਕੀਤੀ ਹੈ। ਜੇ ਕੁਝ ਗਲਤ ਪਾਇਆ ਗਿਆ ਤਾਂ ਏਜੰਟਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਉਹ ਦੀਨਾਨਗਰ ਨੇੜਲੇ ਪਿੰਡ ਅਵਾਂਖਾ ਵਿਖੇ ਨੌਜਵਾਨ ਰਵਨੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ, ਮਾਤਾ ਕੁਲਵੰਤ ਕੌਰ ਅਤੇ ਨੌਜਵਾਨ ਵਿਕਰਮ ਸਿੰਘ ਦੇ ਪਿਤਾ ਜਸਬੀਰ ਸਿੰਘ ਵਾਸੀ ਜੰਦੇਹ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਉਪਰਾਲੇ ਕਰੇਗੀ। ਜਲਦ ਹੀ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਸਹੀ ਸਲਾਮਤ ਵਾਪਸ ਲਿਆਂਦਾ ਜਾਵੇਗਾ।
ਪੰਜਾਬ ਸਰਕਾਰ ਪਿਛਲੇ ਦੋ ਸਾਲਾਂ ਵਿੱਚ ਵਿਦੇਸ਼ਾਂ ਵਿੱਚ ਫਸੇ ਸਾਰੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਵਿੱਚ ਸਫਲ ਰਹੀ ਹੈ। ਉਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਉਹ ਬਿਲਕੁਲ ਵੀ ਨਾ ਘਬਰਾਉਣ, ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।
ਵੀਡੀਓ ਲਈ ਕਲਿੱਕ ਕਰੋ -: