ਉੱਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨਕਮ ਟੈਕਸ ਵਿਭਾਗ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਆਈਟੀ ਅਤੇ ਡੀਜੀਜੀਆਈ ਦੀ ਸਾਂਝੀ ਟੀਮ ਕਨੌਜ ਦੇ ਵੱਡੇ ਪਰਫਿਊਮ ਵਪਾਰੀ ਪੀਯੂਸ਼ ਜੈਨ ਦੇ ਕਾਨਪੁਰ ਸਮੇਤ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕਰ ਰਹੀ ਹੈ।
ਛਾਪੇਮਾਰੀ ‘ਚ ਵਿਭਾਗ ਨੇ ਕਾਨਪੁਰ ਸਥਿਤ ਪੀਯੂਸ਼ ਜੈਨ ਦੇ ਘਰ ਤੋਂ 177 ਕਰੋੜ ਰੁਪਏ ਬਰਾਮਦ ਕੀਤੇ ਹਨ। ਇਸ ਤੋਂ ਬਾਅਦ ਹੁਣ ਟੀਮ ਉਨ੍ਹਾਂ ਦੇ ਘਰ ਦੇ ਮੈਂਬਰਾਂ ਨਾਲ ਕਨੌਜ ਪਹੁੰਚੀ ਹੈ। ਉਥੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ‘ਚੋਂ ਨਕਦੀ ਤੋਂ ਬਾਅਦ ਹੁਣ ਸੋਨਾ ਬਰਾਮਦ ਹੋਇਆ ਹੈ। ਉੱਤਰ ਪ੍ਰਦੇਸ਼ ਵਿੱਚ ਜੀਐਸਟੀ ਦੇ ਛਾਪਿਆਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਰਕਮ ਮਿਲੀ ਹੈ। ਕਾਰੋਬਾਰੀ ਦੇ ਕੁੱਝ ਹੋਰ ਟਿਕਾਣਿਆਂ ‘ਤੇ ਵੀ ਜਾਂਚ ਜਾਰੀ ਹੈ। ਇਹ ਮਾਮਲਾ ਜੀਐਸਟੀ ਚੋਰੀ ਅਤੇ ਅਣਐਲਾਨੀ ਆਮਦਨ ਨਾਲ ਵੀ ਜੁੜਿਆ ਹੋਇਆ ਹੈ, ਇਸ ਲਈ ਇਸ ਨੂੰ ਲੈ ਕੇ ਸਿਆਸੀ ਰੰਜਿਸ਼ ਵੀ ਚੱਲ ਰਹੀ ਹੈ। ਜਾਣਕਾਰੀ ਮੁਤਾਬਿਕ ਪਹਿਲਾਂ ਕਾਨਪੁਰ ਦੇ ਟਰਾਂਸਪੋਰਟਰ ਅਤੇ ਗੁਟਖਾ ਕਿੰਗ ‘ਤੇ ਛਾਪੇਮਾਰੀ ਕੀਤੀ ਗਈ, ਜਿੱਥੋਂ ਕਰੀਬ 4 ਕਰੋੜ ਦੀ ਨਕਦੀ ਬਰਾਮਦ ਹੋਈ।
ਟਰਾਂਸਪੋਰਟਰ ‘ਤੇ ਛਾਪੇਮਾਰੀ ਤੋਂ ਪਤਾ ਲੱਗਾ ਕਿ ਉਹ ਬਿਨਾਂ ਜੀਐਸਟੀ ਦੇ ਮਾਲ ਭੇਜ ਰਿਹਾ ਸੀ। ਇਸ ਤੋਂ ਬਾਅਦ ਟਰਾਂਸਪੋਰਟਰ ਕੋਲੋਂ ਮਾਲ ਨਾਲ ਭਰਿਆ ਟਰੱਕ ਜ਼ਬਤ ਕਰ ਲਿਆ ਗਿਆ। ਉਸ ਦੇ ਗੋਦਾਮ ਤੋਂ ਫਰਜ਼ੀ ਫਰਮਾਂ ਦੇ ਨਾਂ ‘ਤੇ ਬਣੇ 200 ਚਲਾਨ ਵੀ ਮਿਲੇ ਹਨ। ਦੱਸਿਆ ਜਾ ਰਿਹਾ ਹੈ ਕਿ ਜੀਐਸਟੀ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਜੀਐਸਟੀ ਚੋਰੀ ਦੀ ਸੂਚਨਾ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਪੀਯੂਸ਼ ਜੈਨ ਦੇ ਘਰ ਤੋਂ ਹੁਣ ਤੱਕ 177 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਕੀਤੀ ਜਾ ਚੁੱਕੀ ਹੈ। ਹਾਲਾਤ ਇਹ ਸਨ ਕਿ ਇੰਨੇ ਰੁਪਏ ਗਿਣਨ ਲਈ ਭਾਰਤੀ ਸਟੇਟ ਬੈਂਕ ਦੇ 27 ਅਧਿਕਾਰੀਆਂ ਨੇ 30 ਘੰਟੇ ਤੋਂ ਵੱਧ ਸਮਾਂ ਕੰਮ ਕੀਤਾ ਹੈ, ਇਨ੍ਹਾਂ ਪੈਸਿਆਂ ਨੂੰ 13 ਮਸ਼ੀਨਾਂ ਰਾਹੀਂ ਗਿਣਿਆ ਗਿਆ, ਫਿਰ ਇਨ੍ਹਾਂ ਪੈਸਿਆਂ ਨੂੰ 80 ਡੱਬਿਆਂ ਵਿੱਚ ਰੱਖ ਕੇ, ਡੱਬਿਆਂ ਨੂੰ ਸਖ਼ਤ ਸੁਰੱਖਿਆ ਹੇਠ ਇੱਕ ਕੰਨਟੇਨਰ ਵਿੱਚ ਲਿਜਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: