ਰਾਜਸਥਾਨ ਦੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਜ਼ਿੰਮੇਵਾਰੀ ਹੁਣ ਅਡਾਨੀ ਗਰੁੱਪ ਦੇ ਹੱਥਾਂ ਵਿੱਚ ਹੋਵੇਗੀ। ਇਸ ਦੇ ਸੰਚਾਲਨ ਸਮੇਤ ਸਾਰੇ ਮਹੱਤਵਪੂਰਨ ਫੈਸਲੇ ਹੁਣ ਅਡਾਨੀ ਗਰੁੱਪ ਦੁਆਰਾ ਲਏ ਜਾਣਗੇ।
ਅਡਾਨੀ ਸਮੂਹ ਨੇ ਸੋਮਵਾਰ ਤੋਂ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏਏਆਈ) ਤੋਂ ਇਸ ਏਅਰਪੋਰਟ ਦਾ ਕੰਟਰੋਲ ਹਾਸਿਲ ਕਰ ਲਿਆ ਹੈ। ਸਰਕਾਰ ਨੇ ਇਹ ਹਵਾਈ ਅੱਡਾ 50 ਸਾਲਾਂ ਲਈ ਅਡਾਨੀ ਸਮੂਹ ਨੂੰ ਲੀਜ਼ ‘ਤੇ ਦਿੱਤਾ ਹੈ। ਹਵਾਈ ਅੱਡੇ ਦੇ ਡਾਇਰੈਕਟਰ ਜੇਐਸ ਬਲਹਾਰਾ ਨੇ ਸੋਮਵਾਰ ਨੂੰ ਅਡਾਨੀ ਜੈਪੁਰ ਇੰਟਰਨੈਸ਼ਨਲ ਲਿਮਟਿਡ ਦੇ ਮੁੱਖ ਹਵਾਈ ਅੱਡਾ ਅਧਿਕਾਰੀ ਵਿਸ਼ਨੂੰ ਝਾਅ ਨੂੰ ਹਵਾਈ ਅੱਡੇ ਦੀਆਂ ਪ੍ਰਤੀਕਾਤਮਕ ਚਾਬੀਆਂ ਸੌਂਪੀਆਂ ਹਨ। ਇੱਕ ਸਮਾਚਾਰ ਏਜੰਸੀ ਦੇ ਅਨੁਸਾਰ, ਬਲਹਾਰਾ ਨੇ ਕਿਹਾ ਕਿ ਹੁਣ ਜੈਪੁਰ ਏਅਰਪੋਰਟ ਦਾ ਸੰਚਾਲਨ, ਪ੍ਰਬੰਧਨ ਅਤੇ ਵਿਕਾਸ ਅਡਾਨੀ ਸਮੂਹ ਦੁਆਰਾ ਪੀਪੀਪੀ ਮਾਡਲ ਤੇ ਕੀਤਾ ਜਾਵੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਅਡਾਨੀ ਗਰੁੱਪ ਕੋਲ ਪਹਿਲਾਂ ਹੀ ਛੇ ਹਵਾਈ ਅੱਡੇ ਹਨ ਅਤੇ ਇਸ ਦੇ ਨਾਲ ਹੀ ਹੁਣ ਸੱਤਵਾਂ ਹਵਾਈ ਅੱਡਾ ਵੀ ਇਸ ਦੇ ਨਿਯੰਤਰਣ ਵਿੱਚ ਆ ਗਿਆ ਹੈ। ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦੇ ਅਡਾਨੀ ਗਰੁੱਪ ਨੇ ਜੁਲਾਈ ਦੇ ਮਹੀਨੇ ਵਿੱਚ ਹੀ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟੇਕਓਵਰ ਪੂਰਾ ਕਰ ਲਿਆ ਸੀ। ਅਡਾਨੀ ਗਰੁੱਪ ਪਿਛਲੇ ਕੁੱਝ ਸਾਲਾਂ ਤੋਂ ਹਵਾਬਾਜ਼ੀ ਖੇਤਰ ਵਿੱਚ ਆਪਣੀ ਪਕੜ ਮਜ਼ਬੂਤ ਕਰ ਰਿਹਾ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਦਾ ਪ੍ਰਬੰਧਨ ਨਿੱਜੀ ਹੱਥਾਂ ਵਿੱਚ ਦੇਣ ਲਈ ਸਾਲ 2019 ਵਿੱਚ ਬੋਲੀ ਲਗਾਈ ਸੀ। ਇਸ ਤੋਂ ਬਾਅਦ ਅਹਿਮਦਾਬਾਦ, ਲਖਨਊ, ਜੈਪੁਰ, ਮੰਗਲੁਰੂ, ਗੁਵਾਹਾਟੀ ਅਤੇ ਤਿਰੂਵਨੰਤਪੁਰਮ ਦੇ ਹਵਾਈ ਅੱਡਿਆਂ ਦਾ ਪ੍ਰਬੰਧਨ ਅਤੇ ਸੰਚਾਲਨ ਅਡਾਨੀ ਸਮੂਹ ਨੂੰ ਦੇਣ ਦਾ ਫੈਸਲਾ ਕੀਤਾ ਗਿਆ। ਅਡਾਨੀ ਏਅਰਪੋਰਟ ਹੋਲਡਿੰਗਜ਼ ਲਿਮਟਿਡ (ਏਏਐਚਐਲ), ਜੋ ਕਿ ਸਮੂਹ ਦੀ 100% ਸਹਾਇਕ ਕੰਪਨੀ ਹੈ, ਨੇ ਜੀਐਮਆਰ ਵਰਗੇ ਵੱਡੇ ਖਿਡਾਰੀਆਂ ਨੂੰ ਹਰਾਉਂਦੇ ਹੋਏ 50 ਸਾਲਾਂ ਲਈ ਇਨ੍ਹਾਂ ਹਵਾਈ ਅੱਡਿਆਂ ਦੇ ਸੰਚਾਲਨ ਦਾ ਇਕਰਾਰਨਾਮਾ ਜਿੱਤ ਲਿਆ ਸੀ।
ਇਹ ਵੀ ਦੇਖੋ : Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala