asaduddin owaisis reply to mohan bhagwat: ਨਵੀਂ ਦਿੱਲੀ: ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਮੁਖੀ ਮੋਹਨ ਭਾਗਵਤ ਦੇ ਸਿਟੀਜ਼ਨਸ਼ਿਪ ਐਕਟ (ਸੀਏਏ) ਬਾਰੇ ਦਿੱਤੇ ਬਿਆਨ ‘ਤੇ ਏਆਈਐਮਆਈਐਮ ਦੇ ਮੁਖੀ ਅਤੇ ਹੈਦਰਾਬਾਦ ਦੇ ਸੰਸਦ ਅਸਦੁਦੀਨ ਓਵੈਸੀ ਨੇ ਪਲਟਵਾਰ ਕੀਤਾ ਹੈ। ਓਵੈਸੀ ਨੇ ਐਤਵਾਰ ਨੂੰ ਕਿਹਾ ਕਿ ਮੁਸਲਮਾਨ ਬੱਚੇ ਨਹੀਂ ਹਨ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਬਾਰ ਬਾਰ ਅਜਿਹੇ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰਦੇ ਰਹਾਂਗੇ, ਜਿਸ ਵਿੱਚ ਸਾਨੂੰ ਆਪਣੇ ਆਪ ਨੂੰ ਭਾਰਤੀ ਸਾਬਿਤ ਕਰਨਾ ਹੋਵੇਗਾ। ਦਰਅਸਲ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਦੁਸਹਿਰੇ ਦੇ ਤਿਉਹਾਰ ‘ਤੇ ਆਰਐਸਐਸ ਹੈੱਡਕੁਆਰਟਰ ਨਾਗਪੁਰ ਵਿਖੇ ਆਯੋਜਿਤ ਸਾਲਾਨਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਨਾਗਰਿਕਤਾ ਸੋਧ ਐਕਟ ਦਾ ਵਿਰੋਧ ਕਰਨ ਵਾਲਿਆਂ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਕੁੱਝ ਲੋਕ ਇਸ ਦੀ ਆੜ ਵਿੱਚ ਫਿਰਕਾਪ੍ਰਸਤੀ ਨੂੰ ਭੜਕਾਉਣਾ ਚਾਹੁੰਦੇ ਸਨ, ਪਰ ਸੱਤਾ ਵਿੱਚ ਬੈਠੇ ਲੋਕਾਂ ਨੇ ਉਨ੍ਹਾਂ ਦੇ ਇਰਾਦਿਆਂ ‘ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਨੇ ਇਸ ਵਿਸ਼ੇ ਨੂੰ ਹੀ ਢੱਕ ਦਿੱਤਾ ਹੈ।
ਓਵੈਸੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਅਸੀਂ ਬੱਚੇ ਨਹੀਂ ਹਾਂ, ਜੋ ਸਾਨੂੰ ਕੋਈ ‘ਗੁੰਮਰਾਹ’ ਕਰ ਦੇਵੇ। ਬੀਜੇਪੀ ਨੇ ਸੀਏਏ + ਐਨਏਸੀ ਦਾ ਇਕੱਠੇ ਕੀ ਕਰਨਾ ਸੀ ਇਸ ਬਾਰੇ ਕੁੱਝ ਨਹੀਂ ਕਿਹਾ। ਜੇ ਇਹ ਮੁਸਲਮਾਨਾਂ ਬਾਰੇ ਨਹੀਂ ਹੈ। ਤਾਂ ਕਾਨੂੰਨ ‘ਚ ਧਰਮ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਨੂੰ ਹਟਾ ਦਵੋ? ਇਹ ਜਰੂਰ ਜਾਣ ਲਾਓ ਕਿ ਜਿੰਨਾ ਚਿਰ ਕੋਈ ਅਜਿਹਾ ਕਾਨੂੰਨ ਹੈ, ਜਿਸ ਵਿੱਚ ਸਾਨੂੰ ਆਪਣੀ ਭਾਰਤੀ ਹੋਣ ਬਾਰੇ ਸਾਬਿਤ ਕਰਨਾ ਪਵੇਗਾ, ਤੱਦ ਤੱਕ ਅਸੀਂ ਇਸ ਦਾ ਬਾਰ ਬਾਰ ਵਿਰੋਧ ਕਰਦੇ ਰਹਾਂਗੇ।” ਏਆਈਐਮਆਈਐਮ ਦੇ ਨੇਤਾ ਓਵੈਸੀ ਨੇ ਕਿਹਾ ਕਿ ਅਸੀਂ ਅਜਿਹੇ ਕਿਸੇ ਵੀ ਕਾਨੂੰਨ ਦਾ ਵਿਰੋਧ ਕਰਾਂਗੇ ਜਿਸ ਵਿੱਚ ਧਰਮ ਦੇ ਅਧਾਰ ’ਤੇ ਨਾਗਰਿਕਤਾ ਦੀ ਗੱਲ ਹੋਵੇਗੀ। ਮੈਂ ਕਾਂਗਰਸ, ਰਾਜਦ ਅਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਅੰਦੋਲਨ ਦੌਰਾਨ ਤੁਹਾਡੀ ਚੁੱਪੀ ਨੂੰ ਭੁੱਲਿਆ ਨਹੀਂ ਜਾ ਸਕਦਾ। ਜਦੋਂ ਭਾਜਪਾ ਆਗੂ ਸੀਮਾਂਚਲ ਦੇ ਲੋਕਾਂ ਨੂੰ ‘ਘੁਸਪੈਠੀਏ’ ਕਹਿ ਰਹੇ ਸਨ, ਤਾਂ ਰਾਜਦ-ਕਾਂਗਰਸ ਨੇ ਇੱਕ ਵਾਰ ਵੀ ਮੂੰਹ ਨਹੀਂ ਖੋਲ੍ਹਿਆ।