Ayushman Bharat Yojana : ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੇਂਦਰੀ ਸੁਰੱਖਿਆ ਬਲਾਂ ਨੂੰ ਲਾਭ ਦੇਣ ਦੀ ਤਿਆਰੀ ਕੇਂਦਰ ਸਰਕਾਰ ਨੇ ਕਰ ਲਈ ਹੈ। ਇਸ ਯੋਜਨਾ ਤਹਿਤ ਜਵਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਮੁਫਤ ਇਲਾਜ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ‘ਆਯੁਸ਼ਮਾਨ ਸੀਏਪੀਐਫ’ ਯੋਜਨਾ ਮਈ ਤੱਕ ਦੇਸ਼ ਭਰ ‘ਚ ਸ਼ੁਰੂ ਕਰ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਯੋਜਨਾ ਪਹਿਲੀ ਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਾਲ 23 ਜਨਵਰੀ ਨੂੰ ਅਸਾਮ ‘ਚ ਸ਼ੁਰੂ ਕੀਤੀ ਸੀ। ਸੂਤਰਾਂ ਦੇ ਅਨੁਸਾਰ ਪਿਛਲੇ ਹਫਤੇ ਹੋਈ ਬੈਠਕ ‘ਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਯੋਜਨਾ ਨੂੰ ਇਸ ਸਾਲ ਮਈ ਤੱਕ ਰਾਸ਼ਟਰੀ ਪੱਧਰ ‘ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਗ੍ਰਹਿ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ ‘ਤੇ ਦੱਸਿਆ ਕਿ ਪਿਛਲੇ ਹਫਤੇ ਰਾਸ਼ਟਰੀ ਪੱਧਰ‘ ਤੇ ਆਯੁਸ਼ਮਾਨ ਸੀਏਪੀਐਫ ਦੀ ਸ਼ੁਰੂਆਤ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਮੀਟਿੰਗ ਕੀਤੀ ਗਈ ਸੀ। ਕੇਂਦਰ ਸਰਕਾਰ ਵੱਲੋ ਇਸੇ ਸਾਲ ਮਈ ਤੱਕ ਇਸ ਯੋਜਨਾ ਨੂੰ ਪੂਰੇ ਭਾਰਤ ‘ਚ ਲਾਗੂ ਕਰਨ ਦਾ ਟੀਚਾ ਰੱਖਿਆ ਹੈ। ਇਸ ਨਾਲ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਈ ਸਹੂਲਤਾਂ ਮਿਲਣਗੀਆਂ। ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਇਕ ਡੇਟਾਬੇਸਤਿਆਰ ਕੀਤਾ ਜਾ ਰਿਹਾ ਹੈ, ਜੋ ਨੈਸ਼ਨਲ ਹੈਲਥ ਅਥਾਰਟੀ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਡਾਟਾ ਬੇਸ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਸਾਰੇ ਹਸਪਤਾਲਾਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਤੋਂ ਡਾਕਟਰ ਇਸ ਅੰਕੜਿਆਂ ਤੱਕ ਪਹੁੰਚ ਕਰ ਸਕਦੇ ਹਨ ਤੇ ਸੀਏਪੀਐਫ ਦੇ ਵੇਰਵਿਆਂ ਦੀ ਜਾਂਚ ਕਰ ਸਕਦੇ ਹਨ। ਪਛਾਣ ਦੇ ਰੂਪ ‘ਚ ਹਰੇਕ ਪਰਿਵਾਰ ਨੂੰ ਇਕ ਕਾਰਡ ਦਿੱਤਾ ਜਾਵੇਗਾ।