Babri Masjid case Court says: ਸੀਬੀਆਈ ਅਦਾਲਤ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ 28 ਸਾਲਾਂ ਬਾਅਦ ਅੱਜ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਾਰੇ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਕੁੱਝ ਵੀ ਸਿਰਫ ਫੋਟੋਆਂ ਦੁਆਰਾ ਸਾਬਿਤ ਨਹੀਂ ਹੁੰਦਾ। ਇਸ ਕੇਸ ਵਿੱਚ ਸਬੂਤਾਂ ਨਾਲ ਛੇੜਛਾੜ ਕੀਤੀ ਗਈ, ਜਿਸ ਤਰ੍ਹਾਂ ਫੋਟੋਆਂ, ਵੀਡਿਓ, ਫੋਟੋ ਕਾਪੀਆਂ ਸਾਬਿਤ ਕੀਤੀਆਂ ਗਈਆਂ, ਉਹ ਸਬੂਤਾਂ ਵਿੱਚ ਮੰਨਣਯੋਗ ਨਹੀਂ ਹਨ। 2300 ਪੰਨਿਆਂ ਦੇ ਫ਼ੈਸਲੇ ਵਿੱਚ ਵਿਸ਼ੇਸ਼ ਜੱਜ ਐਸ ਕੇ ਯਾਦਵ ਨੇ ਕਿਹਾ ਕਿ ਸਿਰਫ ਫੋਟੋਆਂ ਦੇ ਅਧਾਰ ’ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸਾਰੇ ਮੁਲਜ਼ਮਾਂ ਨੇ ਬਾਬਰੀ ਮਸਜਿਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਭੀੜ ਅਚਾਨਕ ਉਥੇ ਆ ਗਈ ਅਤੇ ਭੀੜ ਨੇ ਮਸਜਿਦ ਨੂੰ ਢਾਅ ਦਿੱਤਾ। ਜਿਨ੍ਹਾਂ 32 ਲੋਕਾਂ ਦੇ ਨਾਮ ਸ਼ਾਮਿਲ ਹਨ ਉਨ੍ਹਾਂ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਸੀ।
ਵਿਸ਼ੇਸ਼ ਜੱਜ ਐਸ ਕੇ ਯਾਦਵ ਨੇ ਕਿਹਾ ਕਿ ਇਹ ਘਟਨਾ ਪਹਿਲਾਂ ਤੋਂ ਯੋਜਨਾਬੱਧ ਨਹੀਂ ਸੀ, ਸੰਗਠਨ ਨੇ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਹ ਘਟਨਾ ਅਚਾਨਕ ਵਾਪਰੀ, ਭੀੜ ਨੇ ਮਸਜਿਦ ਨੂੰ ਢਾਅ ਦਿੱਤਾ। ਅਦਾਲਤ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਅਸ਼ੋਕ ਸਿੰਘਲ ਖਿਲਾਫ ਕੋਈ ਸਬੂਤ ਨਹੀਂ ਹੈ।