Bharat bandh today : ਦੇਸ਼ ਭਰ ਦੀਆਂ ਵਪਾਰਕ ਸੰਸਥਾਵਾਂ ਸਮੇਤ ਕਈ ਟਰਾਂਸਪੋਰਟ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਇਹ ਬੰਦ ਅੱਜ ਸਵੇਰੇ 6 ਵਜੇ ਤੋਂ ਸ਼ੁਰੂ ਹੋਇਆ ਹੈ ਅਤੇ ਰਾਤ 8 ਵਜੇ ਤੱਕ ਜਾਰੀ ਰਹੇਗਾ। ਬੰਦ ਦੇ ਕੁੱਝ ਘੰਟਿਆਂ ਦੇ ਅੰਦਰ ਹੀ, ਇਸ ਦਾ ਅਸਰ ਦੇਸ਼ ਕਈਂ ਰਾਜਾਂ ਵਿੱਚ ਦਿੱਖਣਾ ਸ਼ੁਰੂ ਹੋ ਗਿਆ ਸੀ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਜੀ.ਐੱਸ.ਟੀ ਨਿਯਮਾਂ ਦੀ ਸਮੀਖਿਆ ਦੀ ਮੰਗ ਕਰਦਿਆਂ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਉਹ ਈ-ਵੇਅ ਬਿੱਲ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਵੀ ਵਿਰੋਧ ਕਰ ਰਹੇ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਜੀਐਸਟੀ ਅਰਥਾਤ ਵਸਤੂ ਅਤੇ ਸੇਵਾਵਾਂ ਟੈਕਸ ਐਕਟ ਵਿੱਚ ਸੋਧਾਂ ਕੀਤੀਆਂ ਗਈਆਂ ਹਨ, ਜਿਸਦਾ ਇਹ ਸੰਗਠਨ ਵਿਰੋਧ ਕਰ ਰਹੇ ਹਨ। ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸੋਧਾਂ ਕਾਰੋਬਾਰ ਦੇ ਉਲਟ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਟਰਾਂਸਪੋਰਟ ਸੰਗਠਨ ਪ੍ਰਦਰਸ਼ਨ ਕਰਨਗੇ। ਇਸ ਬੰਦ ਦੇ ਤਹਿਤ ਦੇਸ਼ ਭਰ ਦੇ ਬਾਜ਼ਾਰ ਬੰਦ ਰਹਿਣਗੇ ਅਤੇ ਇੱਥੇ ਕੋਈ ਵਪਾਰਕ ਗਤੀਵਿਧੀਆਂ ਨਹੀਂ ਹੋਣਗੀਆਂ। ਦੇਸ਼ ਦੇ ਸਾਰੇ ਰਾਜਾਂ ਦੀਆਂ ਬਹੁਤੀਆਂ ਵਪਾਰਕ ਸੰਸਥਾਵਾਂ ਇਸ ਬੰਦ ਵਿੱਚ ਸ਼ਾਮਿਲ ਹੋ ਰਹੀਆਂ ਹਨ। ਭਾਰਤ ਬੰਦ ਦਾ ਅਸਰ ਦੇਸ਼ ਦੇ ਕਈ ਰਾਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਾਰੋਬਾਰੀ ਅਦਾਰੇ ਵੀ ਕਈ ਰਾਜਾਂ ਵਿੱਚ ਬੰਦ ਹਨ। ਸੜਕਾਂ ਵੀ ਖਾਲੀ ਦਿਖਾਈ ਦੇ ਰਹੀਆਂ ਹਨ। ਵਪਾਰੀਆਂ ਨੇ ਬਾਜ਼ਾਰ ਬੰਦ ਰੱਖੇ ਹੋਏ ਹਨ ਅਤੇ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਵੀ ਜਿੰਦਰੇ ਲਗਾ ਦਿੱਤੇ ਹਨ। ਇਹ ਕਈ ਰਾਜਾਂ ਦੀਆਂ ਸੜਕਾਂ ‘ਤੇ ਵੀ ਬੰਦ ਦਾ ਪ੍ਰਭਾਵ ਦਿਖਾ ਰਿਹਾ ਹੈ।