Bihar khagaria bomb blast : ਬਿਹਾਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁੱਝ ਬੱਚੇ ਬਿਹਾਰ ਦੇ ਖਗੜੀਆ ਜ਼ਿਲੇ ਦੇ ਗੋਗਰੀ ਬਾਜ਼ਾਰ ਖੇਤਰ ਵਿੱਚ ਖੇਡ ਰਹੇ ਸਨ, ਜਦੋਂ ਉਨ੍ਹਾਂ ਨੇ ਬਾਲ (ਗੇਂਦ) ਵਰਗੀ ਇੱਕ ਚੀਜ਼ ਨੂੰ ਦੇਖਿਆ ਤਾਂ ਬੱਚਿਆਂ ਨੇ ਉਸ ਨੂੰ ਚੁੱਕ ਲਿਆ ਅਤੇ ਉਸ ਦੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਕੁੱਝ ਸਮੇ ਬਾਅਦ ਹੀ ਫਿਰ ਉਸ ਵਿੱਚ ਇੱਕ ਵੱਡਾ ਧਮਾਕਾ ਹੋਇਆ। ਜਿਸ ਵਿੱਚ ਇੱਕ ਸੱਤ ਸਾਲ ਦੇ ਬੱਚੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ। ਸਾਰਾ ਮਾਮਲਾ ਗੋਗਰੀ ਬਾਜ਼ਾਰ ਦੇ ਭਗਵਾਨ ਹਾਈ ਸਕੂਲ ਗਰਾਉਂਡ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਝ ਬੱਚੇ ਇੱਥੇ ਖੇਡ ਰਹੇ ਸਨ ਅਤੇ ਫਿਰ ਉਨ੍ਹਾਂ ਦੀ ਗੇਂਦ ਝਾੜੀਆਂ ਵਿੱਚ ਚਲੀ ਗਈ। ਜਿਵੇਂ ਹੀ ਬਚੇ ਗੇਂਦ ਨੂੰ ਲੱਭਣ ਗਏ ਤਾਂ ਉਨ੍ਹਾਂ ਨੂੰ ਗੇਂਦ ਦੇ ਸਮਾਨ ਇੱਕ ਹੋਰ ਚੀਜ਼ ਮਿਲੀ। ਬੱਚਿਆਂ ਨੇ ਇਸ ਨਾਲ ਗੇਂਦ ਵਾਂਗ ਖੇਡਣਾ ਸ਼ੁਰੂ ਕਰ ਦਿੱਤਾ। ਫਿਰ ਉਸ ਚੀਜ਼ ਵਿੱਚ ਇਕ ਜ਼ੋਰਦਾਰ ਧਮਾਕਾ ਹੋਇਆ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਇੱਕ ਦੇਸ਼ੀ ਬੰਬ ਸੀ।
ਖਗੜੀਆ ਦੇ ਡਿਪਟੀ ਸੁਪਰਡੈਂਟ ਮਨੋਜ ਕੁਮਾਰ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀ ਤਿੰਨੋਂ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ 9 ਸਾਲਾ ਮੁਹੰਮਦ ਕੁਰਬਾਨ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੂਸਰੇ ਦੋ ਜ਼ਖਮੀਆਂ ਨੂੰ ਇਲਾਜ ਲਈ ਸਦਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਡਰ ਜ਼ਾਹਿਰ ਕੀਤਾ ਕਿ ਅਪਰਾਧੀਆਂ ਨੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਝਾੜੀਆਂ ਵਿੱਚ ਬੰਬ ਲੁਕਾ ਕੇ ਰੱਖਿਆ ਹੋਇਆ ਸੀ। ਪੁਲਿਸ ਪੂਰੇ ਖੇਤਰ ਨੂੰ ਸੀਲ ਕਰਕੇ ਸਰਚ ਅਭਿਆਨ ਚਲਾ ਰਹੀ ਹੈ। ਦੋਸ਼ੀਆਂ ਦੀ ਪਛਾਣ ਲਈ ਵੀ ਜਾਂਚ ਕੀਤੀ ਜਾ ਰਹੀ ਹੈ।