Bird Flu Confirmed in Dead Migratory Birds: ਦੁਨੀਆ ਭਰ ਵਿੱਚ ਮਹਾਂਮਾਰੀ ਦੇ ਦੌਰਾਨ ਦੇਸ਼ ਵਿੱਚ ਬਰਡ ਫਲੂ ਦੇ ਖਤਰੇ ਨੇ ਦਸਤਕ ਦੇ ਦਿੱਤੀ ਹੈ। ਦਰਅਸਲ, ਦੇਸ਼ ਦੇ ਕਈ ਰਾਜਾਂ ਵਿੱਚ ਪੰਛੀਆਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋ ਗਈ ਹੈ। ਰਾਜਸਥਾਨ, ਮੱਧ ਪ੍ਰਦੇਸ਼ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਕੇਰਲ ਵਿੱਚ ਵੀ ਇਸਦਾ ਕਹਿਰ ਜਾਰੀ ਹੈ। ਹੁਣ ਤੱਕ ਇਨ੍ਹਾਂ ਰਾਜਾਂ ਵਿੱਚ ਸੈਂਕੜੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕੇਰਲ ਅਤੇ ਗੁਜਰਾਤ ਵਿੱਚ ਬਰਡ ਫਲੂ ਹੁਣ ਇੱਕ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਹੁਣ ਤੱਕ ਇਨ੍ਹਾਂ ਰਾਜਾਂ ਵਿੱਚ ਸੈਂਕੜੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਇੱਥੇ ਦੀਆਂ ਰਾਜ ਸਰਕਾਰਾਂ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕੇਰਲਾ ਸਰਕਾਰ ਨੇ ਏਵੀਅਨ ਇਨਫਲੂਐਨਜ਼ਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਇਸ ਨੂੰ ‘Disaster’ ਐਲਾਨਿਆ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਪੰਜਾਬ, ਕਰਨਾਟਕ, ਝਾਰਖੰਡ, ਬਿਹਾਰ, ਤਾਮਿਲਨਾਡੂ ਅਤੇ ਜੰਮੂ-ਕਸ਼ਮੀਰ ਅਲਰਟ ‘ਤੇ ਹਨ।
ਦਰਅਸਲ, ਕੇਰਲ ਵਿੱਚ ਹੁਣ ਤੱਕ 1700 ਬੱਤਖਾਂ ਦੀ ਮੌਤ ਹੋ ਚੁੱਕੀ ਹੈ । ਰਾਜਸਥਾਨ ਦੇ ਝਾਲਾਵਾੜ, ਕੋਟਾ ਸਮੇਤ 16 ਜ਼ਿਲ੍ਹਿਆਂ ਵਿੱਚ ਹੁਣ ਤੱਕ 625 ਪੰਛੀ ਆਪਣੀ ਜਾਨ ਗੁਆ ਚੁੱਕੇ ਹਨ। ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਲਗਭਗ 100, ਇੰਦੌਰ ਵਿੱਚ 142, ਮਾਲਵੇ ਵਿੱਚ 112 ਅਤੇ ਖਰਗੋਨ ਜ਼ਿਲ੍ਹੇ ਵਿੱਚ 13 ਕਾਵਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪੋਂਗ ਝੀਲ ਵਿਖੇ ਹੁਣ ਤੱਕ 2739 ਪ੍ਰਵਾਸੀ ਅਤੇ ਸਥਾਨਕ ਪੰਛੀਆਂ ਦੀ ਮੌਤ ਤੋਂ ਬਾਅਦ ਮੁਰਗੀਆਂ, ਬੱਤਖਾਂ ਅਤੇ ਅੰਡਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ।
ਦੱਸ ਦੇਈਏ ਕਿ ਗੁਜਰਾਤ ਵਿੱਚ ਵੀ ਬਰਡ ਫਲੂ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇੱਥੋਂ ਦੇ ਜੂਨਾਗੜ ਜ਼ਿਲ੍ਹੇ ਵਿੱਚ ਖਾਰੋ ਭੰਡਾਰ ਵਿੱਚ ਲਗਭਗ 53 ਪੰਛੀ ਮਰੇ ਹੋਏ ਪਾਏ ਗਏ ਹਨ । ਹਾਲਾਂਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਖਦਸ਼ਾ ਜਤਾਇਆ ਹੈ ਕਿ ਪੰਛੀਆਂ ਦੀ ਜ਼ਹਿਰ ਕਾਰਨ ਮੌਤ ਹੋਈ ਹੈ। ਮੱਧ ਪ੍ਰਦੇਸ਼ ਵਿੱਚ ਮਰੇ ਹੋਏ ਕਾਵਾਂ ਵਿੱਚ ਜਾਨਲੇਵਾ ਵਾਇਰਸ ਪਾਏ ਜਾਣ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਰਾਜ ਵਿੱਚ ਬਰਡ ਫਲੂ ਦਾ ਅਲਰਟ ਜਾਰੀ ਕੀਤਾ ਹੈ । ਤਾਜ਼ਾ ਜਾਣਕਾਰੀ ਅਨੁਸਾਰ ਮੰਡਸੌਰ ਵਿੱਚ ਮ੍ਰਿਤ ਮਿਲੇ ਕਾਵਾਂ ਦੇ ਨਮੂਨਿਆਂ ਤੋਂ ਬਰਡ ਫਲੂ ਦੀ ਪੁਸ਼ਟੀ ਹੋ ਚੁੱਕੀ ਹੈ।
ਇਹ ਵੀ ਦੇਖੋ: ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਦੇ ਸਵਾਲਾਂ ਤੇ ਕਿਉਂ ਭੜਕਿਆ ਹਰਜੀਤ ਗਰੇਵਾਲ ?