Bitter cold persists in north India: ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਨਵੀਂ ਗੜਬੜੀ ਦੇ ਕਾਰਨ ਅਗਲੇ 48 ਘੰਟਿਆਂ ਦੌਰਾਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦੇ ਨਾਲ ਉੱਚੇ ਪਹਾੜਾਂ ‘ਤੇ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਸ਼ੀਤ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਤੋਂ ਇਲਾਵਾ ਨਵੇਂ ਸਾਲ ਤੋਂ ਪਹਿਲਾਂ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਵੀ 2 ਤੋਂ 3 ਡਿਗਰੀ ਦੇ ਹੇਠਾਂ ਜਾਣ ਦੀ ਉਮੀਦ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ ਉੱਤਰੀ ਭਾਰਤ ਦੇ ਰਾਜਾਂ ਵਿੱਚ ਪੱਛਮੀ ਗੜਬੜ ਦਾ ਅਸਰ 26 ਦਸੰਬਰ ਤੋਂ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ, ਯਾਨੀ ਸ਼ਨੀਵਾਰ ਤੋਂ ਕੁਝ ਖੇਤਰਾਂ ਵਿੱਚ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ, ਬਾਲਟਿਸਤਾਨ ਅਤੇ ਮੁਜ਼ੱਫਰਾਬਾਦ ਵਿੱਚ ਚੰਗੀ ਬਾਰਿਸ਼ ਹੋ ਸਕਦੀ ਹੈ, ਜਦੋਂਕਿ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਵੀ ਭਾਰੀ ਬਰਫਬਾਰੀ ਹੋਣ ਦੀ ਉਮੀਦ ਹੈ । ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 27 ਅਤੇ 28 ਦਸੰਬਰ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ । ਇਸ ਤੋਂ ਇਲਾਵਾ ਦੱਖਣੀ ਭਾਰਤ ਦੇ ਰਾਜਾਂ ਵਿੱਚ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਕੜਾਕੇ ਦੀ ਠੰਡ ਪੈਣ ਦੀ ਚੇਤਾਵਨੀ ਦਿੱਤੀ ਹੈ । ਇਸਦੇ ਨਾਲ ਹੀ ਸਥਾਨਕ ਪ੍ਰਸ਼ਾਸਨ ਨੂੰ ਇਸ ਨਾਲ ਨਜਿੱਠਣ ਲਈ ਉਪਾਅ ਕਰਨ ਦੀ ਸਲਾਹ ਦਿੱਤੀ ਗਈ ਹੈ। ਪੰਜਾਬ, ਹਰਿਆਣਾ ਵਿੱਚ 26 ਦਸੰਬਰ ਤੋਂ, ਹਿਮਾਚਲ, ਉਤਰਾਖੰਡ ਵਿੱਚ 27 ਦਸੰਬਰ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ 28 ਦਸੰਬਰ ਅਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ 29 ਦਸੰਬਰ ਤੋਂ ਸ਼ੀਤ ਲਹਿਰ ਜਾਰੀ ਰਹੇਗੀ । ਮੌਸਮ ਵਿਭਾਗ ਨੇ 30 ਦਸੰਬਰ ਤੱਕ ਪੂਰਵ ਅਨੁਮਾਨ ਜਾਰੀ ਕੀਤਾ ਹੈ, ਜਿਸ ਅਨੁਸਾਰ ਉੱਤਰ ਪੱਛਮੀ, ਮੱਧ ਅਤੇ ਪੂਰਬੀ ਭਾਰਤ ਦੇ ਬਹੁਤੇ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 2 ਤੋਂ 6 ਡਿਗਰੀ ਸੈਲਸੀਅਸ ਘੱਟ ਰਹੇਗਾ ।
ਦਰਅਸਲ, ਉੱਤਰ ਭਾਰਤ ਵਿੱਚ ਧੁੰਦ ਦਾ ਪ੍ਰਕੋਪ ਵੱਧ ਗਿਆ ਹੈ । ਸ਼ੁੱਕਰਵਾਰ ਨੂੰ ਹਰਿਆਣਾ ਅਤੇ ਪੰਜਾਬ ਦੇ ਬਹੁਤ ਸਾਰੇ ਖੇਤਰਾਂ ਵਿੱਚ ਬਹੁਤ ਮਾੜੀ ਦਿਖਾਈ ਦਿੱਤੀ। ਮੌਸਮ ਵਿਭਾਗ ਦੇ ਅਨੁਸਾਰ ਅੰਮ੍ਰਿਤਸਰ, ਪਟਿਆਲਾ ਅਤੇ ਲੁਧਿਆਣਾ ਵਿੱਚ ਸਿਰਫ 25 ਮੀਟਰ ਹੀ ਦਿਖਾਈ ਦੇ ਰਿਹਾ ਸੀ, ਜਿਸ ਦੇ ਚੱਲਦਿਆਂ ਵਾਹਨਾਂ ਦੀ ਆਵਾਜਾਈ ਵੱਡੇ ਪੱਧਰ ‘ਤੇ ਪ੍ਰਭਾਵਿਤ ਰਹੀ । ਦਿੱਲੀ ਅਤੇ ਗਵਾਲੀਅਰ ਵਿੱਚ ਸਿਰਫ 200 ਮੀਟਰ ਦੀ ਦ੍ਰਿਸ਼ਟੀ ਸੀ, ਜਦੋਂ ਕਿ ਲਖਨਊ, ਵਾਰਾਣਸੀ, ਦਿੱਲੀ ਪਾਲਮ, ਭਿਵਾਨੀ, ਅਲੀਗੜ ਅਤੇ ਫੁਰਸਤਗੰਜ ਆਦਿ ਵਿਚ 500 ਮੀਟਰ ਤੱਕ ਦਿਖਾਈ ਦੇ ਰਿਹਾ ਸੀ । ਮੌਸਮ ਵਿਭਾਗ ਨੇ 29 ਦਸੰਬਰ ਤੋਂ ਕੋਹਰੇ ਦੇ ਪ੍ਰਭਾਵ ਵਿੱਚ ਹੋਰ ਵਾਧਾ ਕਰਨ ਦੀ ਚੇਤਾਵਨੀ ਦਿੱਤੀ ਹੈ।
ਦੱਸ ਦੇਈਏ ਕਿ ਜੰਮੂ ਕਸ਼ਮੀਰ ਵਿੱਚ ਸ਼ੁੱਕਰਵਾਰ ਨੂੰ ਤਾਪਮਾਨ ਵਿੱਚ ਅਚਾਨਕ ਗਿਰਾਵਟ ਦੇਖਣ ਨੂੰ ਮਿਲੀ ਹੈ । 21 ਦਸੰਬਰ ਤੋਂ ਕਸ਼ਮੀਰ ਵਿੱਚ ਚਿਲੇ-ਕਲਾਂ ਦਾ ਪ੍ਰਕੋਪ ਚੱਲ ਰਿਹਾ ਹੈ, ਜਿਸ ਵਿੱਚ 40 ਦਿਨਾਂ ਤੋਂ ਠੰਡੇ ਦੇ ਹਾਲਾਤ ਹਨ। ਚਿਲੇ-ਕਲਾਂ ਦਾ ਪ੍ਰਭਾਵ 31 ਜਨਵਰੀ ਤੱਕ ਰਹੇਗਾ।
ਇਹ ਵੀ ਦੇਖੋ: ਦੇਖੋ ਕਿਸਾਨ ਅੰਦੋਲਨ ਚ ਪੰਜਾਬੀਆਂ ਨੇ ਕਿੰਝ ਲਾਏ ਜੁਗਾੜ, ਪੈਟ੍ਰੋਲ ਤੇ ਡੀਜ਼ਲ ‘ਤੇ ਹੋ ਰਹੇ ਫ਼ੋਨ ਚਾਰਜ