ਜੋਧਪੁਰ ਦੇ ਅਰਵਿੰਦ ਜਾਂਗਿਡ ਬੀਤੀ ਰਾਤ 24 ਕਰੋੜ ਦਾ ਝੋਟਾ ਭੀਮ ਲੈ ਕੇ ਪੁਸ਼ਕਰ ਮੇਲੇ ‘ਚ ਪਹੁੰਚੇ। ਮੇਲੇ ਵਿੱਚ ਝੋਟੇ ਨੂੰ ਮੋਤੀਸਰ ਰੋਡ ’ਤੇ ਪ੍ਰਦਰਸ਼ਨੀ ਲਈ ਰੱਖਿਆ ਗਿਆ ਹੈ। ਮੰਗਲਵਾਰ ਨੂੰ ਭੀਮ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹੀ।
ਅਰਵਿੰਦ ਮੁਤਾਬਿਕ ਅਫਗਾਨਿਸਤਾਨ ਦੇ ਇੱਕ ਸ਼ੇਖ ਪਰਿਵਾਰ, ਜੋ ਕੁੱਝ ਮਹੀਨੇ ਪਹਿਲਾਂ ਜੋਧਪੁਰ ਆਇਆ ਸੀ, ਨੇ ਇਸ ਝੋਟੇ ਦੀ 24 ਕਰੋੜ ਦੀ ਬੋਲੀ ਲਗਾਈ ਸੀ, ਪਰ ਉਹ ਇਸ ਨੂੰ ਵੇਚਣਾ ਨਹੀਂ ਚਾਹੁੰਦੇ। ਉਨ੍ਹਾਂ ਦੱਸਿਆ ਕਿ ਉਹ ਮੇਲੇ ਵਿੱਚ ਝੋਟੇ ਨੂੰ ਵਿਕਰੀ ਲਈ ਨਹੀਂ ਲਿਆਏ, ਸਗੋਂ ਮੋਰਹਾ ਨਸਲ ਨੂੰ ਸੰਭਾਲਣ ਦੇ ਮਕਸਦ ਨਾਲ ਹੀ ਪ੍ਰਦਰਸ਼ਨੀ ਲਈ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 2018 ਅਤੇ 2019 ਵਿੱਚ ਵੀ ਉਹ ਭੀਮ ਨੂੰ ਪੁਸ਼ਕਰ ਮੇਲੇ ਵਿੱਚ ਪ੍ਰਦਰਸ਼ਨ ਕਰਨ ਲਈ ਲੈ ਕੇ ਆਏ ਸਨ। ਇਸ ਤੋਂ ਇਲਾਵਾ ਬਾਲੋਤਰਾ, ਨਾਗੌਰ, ਦੇਹਰਾਦੂਨ ਸਮੇਤ ਕਈ ਮੇਲਿਆਂ ਵਿਚ ਇਸ ਦੀ ਨੁਮਾਇਸ਼ ਹੋ ਚੁੱਕੀ ਹੈ। ਅਰਵਿੰਦ ਮੇਲਿਆਂ ਵਿੱਚ ਕਰਵਾਏ ਗਏ ਪਸ਼ੂ ਮੁਕਾਬਲਿਆਂ ਵਿੱਚ ਭਾਗ ਲੈ ਕੇ ਇਨਾਮ ਵੀ ਜਿੱਤ ਚੁੱਕਾ ਹੈ। ਉਹ ਦਿਲਚਸਪੀ ਰੱਖਣ ਵਾਲੇ ਪਸ਼ੂ ਪਾਲਕਾਂ ਨੂੰ ਭੀਮ ਦਾ ਵੀਰਜ ਵੀ ਉਲਬੱਧ ਕਰਵਾਉਂਦੇ ਹਨ। ਮੋਰਹਾ ਨਸਲ ਦੇ ਇਸ ਝੋਟੇ ਦੇ ਵੀਰਜ ਦੀ ਦੇਸ਼ ਵਿੱਚ ਬਹੁਤ ਮੰਗ ਹੈ।
ਇਹ ਵੀ ਦੇਖੋ : ਪੰਜਾਬ ਮਗਰੋਂ ਹੁਣ ਬੰਗਾਲ ਨੇ ਵੀ BSF ਦਾ ਅਧਿਕਾਰ ਖੇਤਰ ਵਧਾਉਣ ਖਿਲਾਫ ਵਿਧਾਨ ਸਭਾ ‘ਚ ਮਤਾ ਕੀਤਾ ਪਾਸ
14 ਫੁੱਟ ਲੰਬੇ ਅਤੇ 6 ਫੁੱਟ ਉੱਚੇ ਝੋਟੇ ਦਾ ਭਾਰ ਲੱਗਭਗ 1500 ਕਿਲੋਗ੍ਰਾਮ ਹੈ। ਇਸ ਦੇ ਰੱਖ-ਰਖਾਅ ਅਤੇ ਖੁਰਾਕ ‘ਤੇ ਡੇਢ ਤੋਂ ਦੋ ਲੱਖ ਰੁਪਏ ਪ੍ਰਤੀ ਮਹੀਨਾ ਖਰਚ ਹੋ ਰਿਹਾ ਹੈ। ਅਰਵਿੰਦ ਨੇ ਦੱਸਿਆ ਕਿ ਝੋਟੇ ਨੂੰ ਰੋਜ਼ਾਨਾ ਇੱਕ ਕਿਲੋ ਘਿਓ, ਅੱਧਾ ਕਿਲੋ ਮੱਖਣ, 200 ਗ੍ਰਾਮ ਸ਼ਹਿਦ, 25 ਲੀਟਰ ਦੁੱਧ, ਇੱਕ ਕਿਲੋ ਕਾਜੂ-ਬਦਾਮ ਖੁਆਇਆ ਜਾਂਦਾ ਹੈ। ਭੀਮ ਦਾ ਭਾਰ ਦੋ ਸਾਲਾਂ ਵਿੱਚ 200 ਕਿਲੋ ਵਧਿਆ ਅਤੇ ਕੀਮਤ ਤਿੰਨ ਕਰੋੜ ਵੱਧ ਗਈ ਹੈ। 2019 ਵਿੱਚ ਜਦੋਂ ਭੀਮ ਨੂੰ ਦੂਜੀ ਵਾਰ ਪੁਸ਼ਕਰ ਮੇਲੇ ਵਿੱਚ ਲਿਆਂਦਾ ਗਿਆ ਸੀ ਤਾਂ ਉਸ ਦਾ ਭਾਰ 1300 ਕਿਲੋ ਸੀ। ਜਦੋਂ ਕਿ ਹੁਣ ਇਸ ਦਾ ਭਾਰ 1500 ਕਿਲੋ ਹੋ ਗਿਆ ਹੈ। ਇਸੇ ਤਰ੍ਹਾਂ ਪਿਛਲੀ ਵਾਰ 21 ਕਰੋੜ ਤੱਕ ਦੀ ਬੋਲੀ ਲੱਗੀ ਸੀ। ਹੁਣ 24 ਕਰੋੜ ਰੁਪਏ ਦਾ ਆਫਰ ਆਇਆ ਹੈ ਪਰ ਮਾਲਕ ਇਸ ਕੀਮਤ ‘ਤੇ ਵੀ ਵੇਚਣ ਲਈ ਤਿਆਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: