ਤਾਮਿਲਨਾਡੂ ਦੇ ਕਨੂਰ ‘ਚ 8 ਦਸੰਬਰ ਨੂੰ ਹੋਏ ਹੈਲੀਕਾਪਟਰ ਹਾਦਸੇ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਾਂਚ ਰਿਪੋਰਟ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸੌਂਪ ਦਿੱਤੀ ਗਈ ਹੈ। ਦੱਸ ਦੇਈਏ ਕਿ ਇਸ ਹਾਦਸੇ ਵਿੱਚ ਹਵਾਈ ਸੈਨਾ ਦਾ MI-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਇਸ ਦੀ ਜਾਂਚ ਟ੍ਰਾਈ ਸਰਵਿਸਿਜ਼ ਦੀ ਟੀਮ ਨੇ ਕੀਤੀ ਹੈ।
ਤਾਮਿਲਨਾਡੂ ਦੇ ਸੁਲੁਰ ਏਅਰਬੇਸ ਤੋਂ ਵੈਲਿੰਗਟਨ ਦੇ ਡਿਫੈਂਸ ਸਰਵਿਸ ਸਟਾਫ ਕਾਲਜ ਨੂੰ ਜਾਂਦੇ ਸਮੇਂ ਇੱਕ IAF MI-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ‘ਚ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ 12 ਹੋਰ ਸੈਨਿਕ ਸ਼ਹੀਦ ਹੋ ਗਏ ਸਨ। ਇਸ ਹੈਲੀਕਾਪਟਰ ਹਾਦਸੇ ਵਿੱਚ ਜਨਰਲ ਰਾਵਤ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ।
ਏਅਰ ਮਾਰਸ਼ਲ ਮਾਨਵੇਂਦਰ ਸਿੰਘ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਹਾਦਸਾ ਕਿਸ ਹਾਲਾਤ ਵਿੱਚ ਵਾਪਰਿਆ ਹੈ। ਇਸ ਦੇ ਨਾਲ ਹੀ ਟੀਮ ਨੇ ਇਹ ਵੀ ਦੱਸਿਆ ਕਿ ਹਵਾਈ ਸੈਨਾ ਦਾ MI-17 ਹੈਲੀਕਾਪਟਰ ਕ੍ਰੈਸ਼ ਕਿਉਂ ਹੋਇਆ। ਰੱਖਿਆ ਮੰਤਰੀ ਨੂੰ ਜਾਣਕਾਰੀ ਦੇਣ ਮੌਕੇ ਜਾਂਚ ਟੀਮ ਦੇ ਨਾਲ ਹਵਾਈ ਸੈਨਾ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਜਾਂਚ ਕਮੇਟੀ ਨੇ ਹਵਾਈ ਫੌਜ ਅਤੇ ਫੌਜ ਦੇ ਸਬੰਧਤ ਅਧਿਕਾਰੀਆਂ ਦੇ ਬਿਆਨ ਦਰਜ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ ਜੋ ਇਸ ਹਾਦਸੇ ਦੇ ਚਸ਼ਮਦੀਦ ਗਵਾਹ ਸਨ। ਇਸ ਤੋਂ ਇਲਾਵਾ ਹਾਦਸੇ ਤੋਂ ਤੁਰੰਤ ਪਹਿਲਾਂ ਜਿਸ ਮੋਬਾਈਲ ਫੋਨ ਤੋਂ ਵੀਡੀਓ ਸ਼ੂਟ ਕੀਤੀ ਗਈ ਸੀ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਐਫਡੀਆਰ ਯਾਨੀ ਫਲਾਈਟ ਡਾਟਾ ਰਿਕਾਰਡਰ ਯਾਨੀ ਕਿ ਕਰੈਸ਼ ਹੋਏ ਹੈਲੀਕਾਪਟਰ ਦਾ ਬਲੈਕ ਬਾਕਸ ਵੀ ਬਰਾਮਦ ਕੀਤਾ ਗਿਆ ਹੈ। ਉਸ ਦਾ ਡਾਟਾ ਵੀ ਰਿਪੋਰਟ ‘ਚ ਸ਼ਾਮਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: