ਕੋਵੈਕਸਿਨ ਤੋਂ ਬਾਅਦ ਜਲਦੀ ਹੀ ਇੱਕ ਹੋਰ ਸਵਦੇਸ਼ੀ ਵੈਕਸੀਨ ਦੀ ਐਂਟਰੀ ਹੋਣ ਵਾਲੀ ਹੈ। 12 ਤੋਂ 18 ਸਾਲ ਦੀ ਉਮਰ ਵਾਲਿਆਂ ਦੇ ਲਈ ਭਾਰਤੀ ਫਾਰਮਾ ਕੰਪਨੀ ਜਾਇਡਸ ਕੈਡਿਲਾ ਦੀ ਵੈਕਸੀਨ ਜਲਦੀ ਹੀ ਉਪਲਬਧ ਹੋਵੇਗੀ। ਕੇਂਦਰ ਸਰਕਾਰ ਨੇ ਇਹ ਜਾਣਕਾਰੀ ਸੁਪਰੀਮ ਕੋਰਟ ਨੂੰ ਸ਼ੁੱਕਰਵਾਰ ਨੂੰ ਦਿੱਤੇ ਹਲਫ਼ਨਾਮੇ ਵਿੱਚ ਦਿੱਤੀ ਹੈ ।
ਦਰਅਸਲ, ਕੋਵਿਡ ਪ੍ਰਬੰਧਨ ਬਾਰੇ ਸੁਪਰੀਮ ਕੋਰਟ ਵੱਲੋਂ 31 ਮਈ ਨੂੰ ਪੁੱਛੇ ਗਏ ਪ੍ਰਸ਼ਨਾਂ ਦੇ ਜਵਾਬ ਵਿੱਚ ਸਿਹਤ ਮੰਤਰਾਲੇ ਨੇ 375 ਪੰਨਿਆਂ ਦਾ ਹਲਫਨਾਮਾ ਦਿੱਤਾ ਹੈ । ਅਦਾਲਤ ਨੇ ਹਰ ਉਮਰ ਦੇ ਲੋਕਾਂ ਦੇ ਟੀਕਾਕਰਨ ਦੀਆਂ ਤਿਆਰੀਆਂ ਸਬੰਧੀ ਸਰਕਾਰ ਤੋਂ ਸਵਾਲ ਕੀਤਾ ਸੀ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 18 ਜੂਨ ਨੂੰ ਦੱਸਿਆ ਗਿਆ ਸੀ ਕਿ ਦੇਸ਼ ਵਿੱਚ ਅਗਲੇ 10 ਦਿਨਾਂ ਵਿੱਚ ਕੋਰੋਨਾ ਸੰਕ੍ਰਮਣ ਤੋਂ ਬਚਾਅ ਲਈ ਭਾਰਤੀ ਕੰਪਨੀ ਜਾਇਡਸ ਕੈਡਿਲਾ ਵੱਲੋਂ ਤਿਆਰ ਕੀਤੀ ਗਈ ਵੈਕਸੀਨ 12 ਤੋਂ 18 ਸਾਲ ਦੇ ਉਮਰ ਵਰਗ ਲਈ ਉਪਲੱਬਧ ਹੋਵੇਗੀ । ਜਾਇਡਸ ਕੈਡਿਲਾ ਵੱਲੋਂ ਤਿਆਰ ਕੀਤੀ ਗਈ ਇਹ ਵੈਕਸੀਨ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਵੀ ਪ੍ਰਭਾਵਸ਼ਾਲੀ ਹੋਵੇਗੀ।
ਜਾਇਡਸ ਵੱਲੋਂ ਸਰਕਾਰ ਦੇ ਉੱਚ ਸਰਕਾਰੀ ਅਧਿਕਾਰੀਆਂ ਨੂੰ ਇਹ ਸੂਚਨਾ ਦਿੱਤੀ ਗਈ ਸੀ ਕਿ ਉਹ ਛੇਤੀ ਹੀ ਭਾਰਤ ਵਿੱਚ ਆਪਣੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਲਈ ਅਰਜ਼ੀ ਦੇਵੇਗੀ ।
ਇਹ ਵੀ ਪੜ੍ਹੋ: ਵੱਡੀ ਖਬਰ : ਚੰਡੀਗੜ੍ਹ ‘ਚ ਲੱਖਾ ਸਿਧਾਣਾ ‘ਤੇ ਹੋਏ 4 ਕੇਸ ਦਰਜ, ਕਿਸਾਨਾਂ ਨੂੰ ਭੜਕਾਉਣ ਦੇ ਲੱਗੇ ਦੋਸ਼
ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੂੰ ਕੰਪਨੀ ਵੱਲੋਂ ਤੀਜੇ ਪੜਾਅ ਦੇ ਅੰਤਰਿਮ ਨਤੀਜਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ । ਇਹ ਵੀ ਦੱਸਿਆ ਗਿਆ ਸੀ ਕਿ ਕਿਸੇ ਵੀ ਦਿਨ ਕੰਪਨੀ ਵੱਲੋਂ ਐਮਰਜੈਂਸੀ ਵਰਤੋਂ ਦੀ ਇਜਾਜ਼ਤ ਮੰਗੀ ਜਾਵੇਗੀ । ਬਿਨੈ-ਪੱਤਰ ਆਉਣ ਦੇ 2-3 ਦਿਨਾਂ ਦੇ ਅੰਦਰ ਹੀ ਵਿਸ਼ਾ ਮਾਹਰ ਕਮੇਟੀ (SEC) ਦੀ ਇੱਕ ਮੀਟਿੰਗ ਬੁਲਾ ਕੇ ਕੰਪਨੀ ਵੱਲੋਂ ਪੇਸ਼ ਕੀਤੇ ਗਏ ਤੀਜੇ ਪੜਾਅ ਦੇ ਨਤੀਜਿਆਂ ਦੀ ਰਿਪੋਰਟ ਦੇ ਅਧਾਰ ‘ਤੇ ਆਗਿਆ ਦਿੱਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਜਾਇਡਸ ਕੈਡਿਲਾ ਦੀ ਵੈਕਸੀਨ ਸ਼ੁਰੂਆਤੀ ਪੜਾਅ ਵਿੱਚ 3 ਡੋਜ਼ ਦੀ ਹੋਵੇਗੀ। ਪਰ, ਆਉਣ ਵਾਲੇ ਸਮੇਂ ਵਿੱਚ ਇਸ ਨੂੰ ਹੋਰ ਵੈਕਸੀਨ ਦੀ ਤਰ੍ਹਾਂ ਦੋ ਡੋਜ਼ ਦੀ ਵੈਕਸੀਨ ਬਣਾਉਣ ਲਈ ਵੀ ਕੰਮ ਜਾਰੀ ਹੈ। ਸਰਕਾਰ ਦੇ ਉੱਚੇ ਸੂਤਰਾਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਕੀਮਤ ਦਾ ਅਜੇ ਫੈਸਲਾ ਨਹੀਂ ਕੀਤਾ ਗਿਆ ਹੈ, ਪਰ ਇਹ ਕਿਫਾਇਤੀ ਹੋਵੇਗੀ। ਕੰਪਨੀ ਦੀ ਇੱਕ ਮਹੀਨੇ ਵਿੱਚ ਇੱਕ ਕਰੋੜ ਡੋਜ਼ ਬਣਾਉਣ ਦੀ ਸਮਰੱਥਾ ਹੈ।
ਇਹ ਵੀ ਦੇਖੋ: ਕਿਸਾਨਾਂ ਲਈ 30 ਕਰੋੜ ਦਾ ਹੋਟਲ ਦਾਨ ਕਰਨ ਵਾਲੇ ਦੇ ਹੱਕ ‘ਚ ਡਟੇ ਸੁਖਬੀਰ ਸਿੰਘ ਬਾਦਲ