Chhattisgarh Naxal Attack: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਬੀਤੇ ਸ਼ਨੀਵਾਰ ਯਾਨੀ ਕਿ 3 ਅਪ੍ਰੈਲ ਨੂੰ ਨਕਸਲੀਆਂ ਨਾਲ CRPF ਦੇ ਜਵਾਨਾਂ ਨਾਲ ਹੋਈ ਮੁੱਠਭੇੜ ਵਿੱਚ 22 ਜਵਾਨ ਸ਼ਹੀਦ ਹੋ ਗਏ । 22 ਸ਼ਹੀਦ ਜਵਾਨ ਕੋਬਰਾ ਬਟਾਲੀਅਨ ਦੇ ਸਨ ਅਤੇ 31 ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ । ਇਸ ਮੁੱਠਭੇੜ ਦੌਰਾਨ ਜਵਾਨਾਂ ਨੇ ਨਕਸਲੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਜਵਾਨਾਂ ਨੇ ਆਪਣੇ ਸਾਥੀਆਂ ਦੀ ਜਾਨ ਬਚਾਉਣ ਲਈ ਮਿਸਾਲ ਵੀ ਪੇਸ਼ ਕੀਤੀ ।
ਦਰਅਸਲ, ਇਸ ਹਮਲੇ ਦੌਰਾਨ ਸਿੱਖ ਜਵਾਨ ਬਲਰਾਜ ਸਿੰਘ ਦੀ ਨਕਸਲਿਆਂ ਨਾਲ ਡਟ ਕੇ ਮੁਕਾਬਲਾ ਕਰਨ ਲਈ ਬਹੁਤ ਜ਼ਿਆਦਾ ਤਾਰੀਫ਼ ਹੋ ਰਹੀ ਹੈ। ਬਲਰਾਜ ਸਿੰਘ CRPF ਵਿੱਚ ਇੱਕ ਕੋਬਰਾ ਕਮਾਂਡੋ ਹੈ । ਇਸ ਸਿੱਖ ਨੌਜਵਾਨ ਨੇ ਖੁਦ ਦੇ ਗੋਲੀ ਲੱਗੇ ਹੋਣ ਦੇ ਬਾਵਜੂਦ ਆਪਣੇ ਸਾਥੀ ਜਵਾਨ ਨੂੰ ਬਚਾਉਣ ਲਈ ਆਪਣੀ ਪੱਗ ਉਤਾਰ ਕੇ ਉਸਦੇ ਜ਼ਖਮਾਂ ‘ਤੇ ਬੰਨ੍ਹ ਕੇ ਉਸਦੀ ਜਾਨ ਬਚਾਈ। ਜਿਸ ਕਾਰਨ ਬਲਰਾਜ ਦੀ ਖੂਬ ਤਾਰੀਫ਼ ਹੋ ਰਹੀ ਹੈ।
ਇਸ ਘਟਨਾ ਤੋਂ ਬਾਅਦ ਸੀਨੀਅਰ IPS ਅਧਿਕਾਰੀ ਆਰ. ਕੇ. ਵਿਜ ਬਲਰਾਜ ਸਿੰਘ ਨੂੰ ਮਿਲਣ ਲਈ ਹਸਪਤਾਲ ਪਹੁੰਚੇ । ਇਸ ਦੌਰਾਨ ਉਨ੍ਹਾਂ ਨੇ ਬਲਰਾਜ ਨੂੰ ਇੱਕ ਨਵੀਂ ਪੱਗ ਸਨਮਾਨ ਵਜੋਂ ਭੇਟ ਕੀਤੀ । ਇਸਦੀ ਫੋਟੋ ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੀ ਪੱਗ ਭੇਂਟ ਕਰਦਿਆਂ ਦੀ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਸਾਂਝੀ ਕਰਦਿਆ ਅਨਿਲ ਵਿਜ ਨੇ ਕਿਹਾ ਕਿ ਮੈਂ ਕੋਬਰਾ ਕਮਾਂਡੋ ਨੂੰ ਪੱਗ ਭੇਟ ਕਰ ਕੇ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ, ਜਿਨ੍ਹਾਂ ਨੇ ਆਪਣੇ ਸਾਥੀ ਜਵਾਨਾਂ ਦੀ ਜਾਨ ਬਚਾਉਣ ਲਈ ਆਪਣੇ ਆਪ ਨੂੰ ਇਕਜੁੱਟ ਕੀਤਾ ।
ਦੱਸ ਦੇਈਏ ਕਿ ਬਲਰਾਜ ਨੇ ਨਕਸਲੀ ਹਮਲੇ ਦੌਰਾਨ ਆਪਣੇ ਸਾਥੀ ਦਾ ਖੂਨ ਵਗਦਾ ਵੇਖ ਕੇ ਆਪਣੀ ਪੱਗ ਸਿਰ ਤੋਂ ਲਾਹ ਕੇ ਉਸ ਦੇ ਜ਼ਖਮਾਂ ’ਤੇ ਬੰਨ੍ਹ ਦਿੱਤੀ । ਹਾਲਾਂਕਿ ਕਿ ਇਸ ਮੁਕਾਬਲੇ ਦੌਰਾਨ ਬਲਰਾਜ ਨੂੰ ਵੀ ਗੋਲੀ ਲੱਗੀ ਹੈ । ਇਸ ਸਮੇਂ ਦੋਹਾਂ ਦਾ ਇਲਾਜ ਰਾਏਪੁਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਬਲਰਾਜ ਸਿੰਘ ਨੇ ਆਪਣੇ ਜਿਸ ਸਾਥੀ ਦੀ ਜਾਨ ਬਚਾਈ ਹੈ, ਉਸ ਦਾ ਨਾਂ ਅਭਿਸ਼ੇਕ ਪਾਂਡੇ ਹੈ। ਉਹ CRPF ਵਿੱਚ ਸਬ-ਇੰਸਪੈਕਟਰ ਹਨ।