Chief Justice SA Bobde recommends: ਸੁਪਰੀਮ ਕੋਰਟ ਦੇ ਜੱਜ ਐਨ.ਵੀ. ਰਮਨਾ ਦੇਸ਼ ਦੇ ਅਗਲੇ ਚੀਫ ਜਸਟਿਸ ਹੋਣਗੇ । ਮੌਜੂਦਾ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਕਾਨੂੰਨ ਮੰਤਰਾਲੇ ਨੂੰ ਆਪਣੇ ਉੱਤਰਾਧਿਕਾਰੀ ਦੇ ਨਾਮ ਦੀ ਜਾਣਕਾਰੀ ਦਿੱਤੀ ਹੈ। ਐੱਸ. ਏ. ਬੋਬੜੇ ਅਗਲੇ ਮਹੀਨੇ ਸੇਵਾਮੁਕਤ ਹੋ ਰਹੇ ਹਨ, ਇਸ ਲਈ ਉਨ੍ਹਾਂ ਨੇ ਸਰਕਾਰ ਨੂੰ ਜਸਟਿਸ ਰਮਨਾ ਦੇ ਨਾਮ ਦਾ ਸੁਝਾਅ ਦਿੱਤਾ ਹੈ। ਦੱਸ ਦੇਈਏ ਕਿ ਚੀਫ਼ ਜਸਟਿਸ ਐਸਏ ਬੋਬੜੇ ਦੇ ਸੇਵਾਮੁਕਤ ਹੋਣ ਲਈ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਅਜਿਹੀ ਸਥਿਤੀ ਵਿੱਚ ਸਰਕਾਰ ਨੇ ਨਵੇਂ ਚੀਫ਼ ਜਸਟਿਸ ਦੀ ਨਿਯੁਕਤੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਕ੍ਰਮ ਵਿੱਚ CJI ਤੋਂ ਆਪਣੇ ਉੱਤਰਾਧਿਕਾਰੀ ਦੇ ਨਾਮ ਦੀ ਸਿਫਾਰਸ਼ ਮੰਗੀ ਗਈ ਸੀ। ਇਸ ਸਿਫਾਰਸ਼ ‘ਤੇ ਅੱਜ ਐਸ.ਏ. ਬੋਬੜੇ ਨੇ ਆਪਣੇ ਉੱਤਰਾਧਿਕਾਰੀ ਦੇ ਤੌਰ ‘ਤੇ ਐਨ.ਵੀ. ਰਮਨਾ ਦੇ ਨਾਮ ਦੀ ਸਿਫਾਰਸ਼ ਕੀਤੀ ਹੈ।
ਦਰਅਸਲ, ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੇਵਾਮੁਕਤ ਹੋਣ ਜਾ ਰਹੇ ਜਸਟਿਸ ਬੋਬੜੇ ਨੂੰ ਹਾਲ ਹੀ ਵਿੱਚ ਇੱਕ ਪੱਤਰ ਭੇਜ ਕੇ ਨਵੇਂ CJI ਦੇ ਨਾਮ ਦੀ ਸਿਫਾਰਸ਼ ਕਰਨ ਲਈ ਕਿਹਾ ਸੀ । ਰਵੀ ਸ਼ੰਕਰ ਪ੍ਰਸਾਦ ਨੇ ਜਸਟਿਸ ਬੋਬੜੇ ਨੂੰ ਪੁੱਛਿਆ ਸੀ ਕਿ ਉਸਦੇ ਬਾਅਦ ਉਸਦਾ ਉੱਤਰਾਧਿਕਾਰੀ ਕੌਣ ਹੋਵੇਗਾ? ਦੇਸ਼ ਦੇ 48ਵੇਂ ਚੀਫ਼ ਜਸਟਿਸ ਵਜੋਂ ਕਿਸ ਨੂੰ ਨਿਯੁਕਤ ਕੀਤਾ ਜਾਣਾ ਹੈ? ਗੌਰਤਲਬ ਹੈ ਕਿ ਜਸਟਿਸ ਬੋਬੜੇ 23 ਅਪ੍ਰੈਲ ਨੂੰ ਸੇਵਾਮੁਕਤ ਹੋਣਗੇ।
ਦੱਸ ਦੇਈਏ ਕਿ ਸੁਪਰੀਮ ਕੋਰਟ ਵਿੱਚ ਜਸਟਿਸ ਐਨ ਵੀ ਰਮਨਾ ਇਸ ਸਮੇਂ ਸਭ ਤੋਂ ਸੀਨੀਅਰ ਜੱਜ ਹਨ। ਜਸਟਿਸ ਐਨਵੀ ਰਮਨਾ ਦਾ ਜਨਮ 27 ਅਗਸਤ 1957 ਨੂੰ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲੇ ਦੇ ਪਨੂੰਨਵਰਮ ਪਿੰਡ ਵਿੱਚ ਹੋਇਆ ਸੀ। ਉਹ ਪਹਿਲੀ ਵਾਰ 10 ਫਰਵਰੀ 1983 ਨੂੰ ਵਕੀਲ ਬਣੇ ਸੀ। ਰਮਨਾ ਨੂੰ 27 ਜੂਨ 2000 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ 10 ਮਾਰਚ 2013 ਤੋਂ 20 ਮਈ 2013 ਤੱਕ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਵਜੋਂ ਸੇਵਾ ਨਿਭਾਈ ਸੀ।