China Withdrawing In Ladakh: ਭਾਰਤ ਅਤੇ ਚੀਨ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਹੁਣ ਥਮਦਾ ਹੋਇਆ ਦਿਖਾਈ ਦੇ ਰਿਹਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ ਚੀਨੀ ਸੈਨਾ ਨੇ ਸਰਹੱਦ ‘ਤੇ ਆਪਣੇ ਕੈਂਪ ਨੂੰ ਪਿੱਛੇ ਕਰ ਲਿਆ ਹੈ। ਇਸਦੀ ਗਵਾਹੀ ਹੁਣ ਨਵੀਂ ਸੈਟੇਲਾਈਟ ਫੋਟੋਆਂ ਵੀ ਦੇ ਰਹੀਆਂ ਹਨ। 6 ਜੁਲਾਈ ਨੂੰ ਲਈਆਂ ਗਈਆਂ ਤਸਵੀਰਾਂ ਦਰਸਾ ਰਹੀਆਂ ਹਨ, ਉਹ ਜਗ੍ਹਾ ਜਿੱਥੇ ਪਹਿਲੇ ਚੀਨੀ ਫੌਜ ਨੇ ਕੈਂਪ ਲਗਾਏ ਸੀ ਹੁਣ ਖਾਲੀ ਹੈ।
ਦਰਅਸਲ, ਦੋਵਾਂ ਦੇਸ਼ਾਂ ਵਿਚਾਲੇ ਹੋਈ ਗੱਲਬਾਤ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਚੀਨੀ ਫੌਜ ਮੌਜੂਦਾ ਜਗ੍ਹਾ ਤੋਂ ਪਿੱਛੇ ਹਟ ਜਾਵੇਗੀ ਅਤੇ ਫੌਜ ਨੂੰ ਪੜਾਅ ਅਨੁਸਾਰ ਹਟਾ ਦਿੱਤਾ ਜਾਵੇਗਾ । ਜਿਸ ਤੋਂ ਬਾਅਦ ਚੀਨੀ ਫੌਜ ਗਲਵਾਨ ਘਾਟੀ ਤੋਂ ਲਗਭਗ 1 ਕਿਲੋਮੀਟਰ ਪਿੱਛੇ ਚਲੀ ਗਈ ਹੈ। ਸੈਟੇਲਾਈਟ ਤਸਵੀਰ ਅਨੁਸਾਰ ਚੀਨੀ ਫੌਜ ਦੇ ਟੈਂਟ, ਵਾਹਨ ਅਤੇ ਹੋਰ ਉਪਕਰਣ ਪੈਟਰੋਲ ਪੁਆਇੰਟ 14 ਤੋਂ ਹਟਾ ਦਿੱਤੇ ਗਏ ਹਨ।
ਦੱਸ ਦੇਈਏ ਕਿ ਮੈਕਸਰ ਟੈਕਨੋਲੋਜੀ ਰਾਹੀਂ ਲਈਆਂ ਗਈਆਂ ਇਨ੍ਹਾਂ ਸੈਟੇਲਾਈਟ ਫੋਟੋਆਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਲੱਦਾਖ ਸਰਹੱਦ ‘ਤੇ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਤੋਂ ਪਹਿਲਾਂ ਗਲਵਾਨ ਨਦੀ ਦੇ ਨੇੜੇ ਜਿੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਝੜਪ ਹੋ ਗਈ ਸੀ, ਉੱਥੇ ਚੀਨੀ ਫੌਜ ਨੇ ਆਪਣੇ ਤੰਬੂ ਲਗਾ ਲਏ ਸਨ। ਭਾਰਤ ਇਸਦਾ ਵਿਰੋਧ ਕਰ ਰਿਹਾ ਸੀ । ਪਰ ਹੁਣ ਜਦੋਂ ਅਸੀਂ ਨਵੀਆਂ ਤਸਵੀਰਾਂ ਨੂੰ ਦੇਖਿਆ ਤਾਂ ਇਹ ਖੇਤਰ ਪੂਰੀ ਤਰ੍ਹਾਂ ਖਾਲੀ ਹੈ। ਹੁਣ ਕੋਈ ਵੀ ਚੀਨੀ ਤੰਬੂ ਸਿਰਫ ਚੀਨ ਦੇ ਖੇਤਰ ਵਿੱਚ ਦਿਖਾਈ ਦੇ ਰਿਹਾ ਹੈ।
ਜ਼ਿਕਰਯੋਗ ਹੈ ਕਿ 15 ਜੂਨ ਨੂੰ ਗਲਵਾਨ ਘਾਟੀ ਵਿੱਚ ਇੱਕ ਝੜਪ ਹੋਈ, ਜਿਸ ਵਿੱਚ 20 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ ਸਨ । ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਵੱਧ ਗਿਆ ਸੀ ਅਤੇ ਫਿਰ ਦੋਵਾਂ ਪਾਸਿਆਂ ਦੀਆਂ ਫੌਜਾਂ ਦੀ ਗਿਣਤੀ ਕਈ ਗੁਣਾ ਵਧ ਦਿੱਤੀ ਸੀ ।