Chinese military further withdraws: ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਤਣਾਅ ਹੁਣ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ । ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੈਟੇਲਾਈਟ ਤਸਵੀਰਾਂ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਚੀਨੀ ਸੈਨਾ ਲੱਦਾਖ ਵਿੱਚ ਐਲਏਸੀ ‘ਤੇ ਫਿੰਗਰ ਏਰੀਆ ਵਿੱਚ ਪਿੱਛੇ ਹਟ ਰਹੀ ਹੈ । ਮੀਡੀਆ ਰਿਪੋਰਟਾਂ ਅਨੁਸਾਰ ਜਿੱਥੇ ਪਹਿਲਾਂ ਚੀਨੀ ਫੌਜ ਦੇ ਟੈਂਟਾਂ ਅਤੇ ਸੈਨਿਕਾਂ ਦੀ ਮੌਜੂਦਗੀ ਤਸਵੀਰਾਂ ਵਿੱਚ ਵੇਖੀ ਜਾ ਸਕਦੀ ਸੀ, ਹੁਣ ਉੱਥੇ ਚੀਨੀ ਫੌਜ ਦੀ ਇੱਕ ਛੋਟੀ ਜਿਹੀ ਗਿਣਤੀ ਦਿਖਾਈ ਦੇ ਰਹੀ ਹੈ। ਅਜਿਹੀ ਸਥਿਤੀ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਵਿੱਚ ਕੁਝ ਹੋਰ ਸਮਾਂ ਲੱਗ ਸਕਦਾ ਹੈ।
LAC ‘ਤੇ ਭਾਰਤੀ ਤੇ ਚੀਨੀ ਫੌਜ ਦੇ ਪੂਰੀ ਤਰ੍ਹਾਂ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਦੇ ਉਦੇਸ਼ ਨਾਲ ਲੈਫਟੀਨੈਂਟ ਜਨਰਲ ਪੱਧਰ ‘ਤੇ ਗੱਲਬਾਤ ਦੇ ਇੱਕ ਹੋਰ ਦੌਰ ਤੋਂ ਪਹਿਲਾਂ ਚੀਨੀ ਫੌਜ ਨੇ ਫਿੰਗਰ ਚਾਰ ‘ਤੇ ਆਪਣੀ ਮੌਜੂਦਗੀ ਹੋਰ ਘੱਟ ਕੀਤੀ ਹੈ ਅਤੇ ਪੈਨਗੋਂਗ ਝੀਲ ਤੋਂ ਕਿਸ਼ਤੀਆਂ ਨੂੰ ਵੀ ਹਟਾ ਲਿਆ ਗਿਆ ਹੈ। ਤਸਵੀਰਾਂ ਤੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੈਨਗੋਂਗ ਝੀਲ ਵਿੱਚ ਚੀਨ ਦੇ ਇੰਟਰਸੈਪਟਰ ਕਰਾਫਟ ਦੀ ਤਾਇਨਾਤੀ ਵਿੱਚ ਤਬਦੀਲੀ ਆਈ ਹੈ । ਹਾਲਾਂਕਿ ਉਹ ਅਜੇ ਵੀ ਉੱਥੇ ਮੌਜੂਦ ਹੈ। ਇਹ ਗੱਲ ਕੁਝ ਰਿਪੋਰਟਾਂ ਵਿੱਚ ਸਾਹਮਣੇ ਆਈ ਹੈ। 5 ਮਈ ਨੂੰ ਪੂਰਬੀ ਲੱਦਾਖ ਵਿੱਚ ਪੈਨਗੋਂਗ ਸੋ ‘ਤੇ ਦੋਵਾਂ ਫ਼ੌਜਾਂ ਵਿਚਾਲੇ ਹਿੰਸਕ ਝੜਪ ਹੋਈ ਸੀ, ਜਿਸ ਤੋਂ ਬਾਅਦ ਤਣਾਅ ਹੋਰ ਵੱਧ ਗਿਆ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਦੋਵਾਂ ਪਾਸਿਆਂ ਦੀਆਂ ਤਾਕਤਾਂ ਇੱਕ ਨਿਰਧਾਰਤ ਸਮੇਂ ਵਿੱਚ ਪਿੱਛੇ ਹਟ ਜਾਣਗੀਆਂ।
ਇਸ ਸਬੰਧੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਦੋਵੇਂ ਦੇਸ਼ ਫੌਜ ਵਾਪਸ ਲੈਣ ਅਤੇ ਤਣਾਅ ਘਟਾਉਣ ਦੀ ਪ੍ਰਕਿਰਿਆ ‘ਤੇ ਸਹਿਮਤ ਹੋਏ ਹਨ ਅਤੇ ਕੰਮ ਕਾਫ਼ੀ ਹੱਦ ਤਕ ਜਾਰੀ ਹੈ । ਜੈਸ਼ੰਕਰ ਨੇ ਇੰਡੀਆ ਗਲੋਬਲ ਵੀਕ ਵਿਖੇ ਇੱਕ ਵੀਡੀਓ ਸੰਵਾਦ ਸੈਸ਼ਨ ਵਿੱਚ ਕਿਹਾ ਸੀ, ‘ਅਸੀਂ ਸੈਨਿਕਾਂ ਦੇ ਪਿੱਛੇ ਹਟਣ ਦੀ ਜ਼ਰੂਰਤ ‘ਤੇ ਸਹਿਮਤ ਹੋਏ ਹਾਂ ਕਿਉਂਕਿ ਦੋਵੇਂ ਪਾਸਿਆਂ ਦੀ ਫੌਜ ਇੱਕ ਦੂਜੇ ਦੇ ਬਹੁਤ ਨੇੜੇ ਹੈ । ਇਸ ਲਈ ਇੱਕ ਵਾਪਸ ਜਾਣ ਅਤੇ ਤਣਾਅ ਨੂੰ ਘਟਾਉਣ ਦੀ ਪ੍ਰਕਿਰਿਆ ‘ਤੇ ਸਹਿਮਤੀ ਬਣੀ ਹੈ।