Chinese troops yet to disengage: ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ‘ਤੇ ਤਣਾਅ ਜਾਰੀ ਹੈ। ਚੀਨ ਦੀ ਫੌਜ ਇੱਥੋਂ ਪਿੱਛੇ ਹਟਣ ਲਈ ਤਿਆਰ ਨਹੀਂ ਹੈ । ਇਸ ਲਈ ਚੀਨ ਦੀ ਚਾਲ ਨੂੰ ਵੇਖਦਿਆਂ ਭਾਰਤੀ ਫੌਜ ਨੇ ਦੁਸ਼ਮਣ ਨੂੰ ਢੁੱਕਵਾਂ ਜਵਾਬ ਦੇਣ ਦੀ ਤਿਆਰੀ ਕਰ ਲਈ ਹੈ। ਲੱਦਾਖ ਵਿੱਚ ਬਹੁਤ ਠੰਡ ਪੈਂਦੀ ਹੈ। ਅਜਿਹੀ ਸਥਿਤੀ ਵਿੱਚ ਭਾਰਤੀ ਫੌਜ ਨੇ ਇੱਥੇ ਮੌਸਮ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ । ਸਰਹੱਦ ‘ਤੇ ਭਾਰਤੀ ਫੌਜ ਨੂੰ ਹਥਿਆਰਾਂ ਦੀ ਘਾਟ ਨਹੀਂ ਹੈ। ਹੁਣ ਠੰਡ ਤੋਂ ਬਚਾਉਣ ਲਈ ਹੋਰ ਚੀਜ਼ਾਂ ਜਿਵੇਂ ਕਿ ਵਿਸ਼ੇਸ਼ ਕੱਪੜੇ, ਵਿਸ਼ੇਸ਼ ਟੈਂਟ, ਵਾਹਨਾਂ ਲਈ ਬਾਲਣ ਅਤੇ ਰਾਸ਼ਨ ਪਾਣੀ ਸਟੋਰ ਕੀਤਾ ਗਿਆ ਹੈ। ਠੰਡ ਦੇ ਦਿਨਾਂ ਵਿੱਚ ਬਰਫਬਾਰੀ ਹੋਣ ਕਾਰਨ ਸਰਹੱਦ ‘ਤੇ ਕੋਈ ਵੀ ਸਮਾਨ ਪਹੁੰਚਾਉਣਾ ਮੁਸ਼ਕਲ ਚੁਣੌਤੀ ਹੋਵੇਗੀ ।
ਇਸ ਸਬੰਧੀ ਇੱਕ ਸੀਨੀਅਰ ਫੌਜ ਅਧਿਕਾਰੀ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਹਰ ਸਾਲ ਲੱਦਾਖ ਵਿੱਚ 30 ਹਜ਼ਾਰ ਮੀਟ੍ਰਿਕ ਟਨ ਰਾਸ਼ਨ ਦੀ ਲੋੜ ਹੁੰਦੀ ਹੈ। ਪਰ ਇਸ ਸਾਲ ਦੁੱਗਣੇ ਰਾਸ਼ਨ ਦੀ ਜ਼ਰੂਰਤ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਉੱਥੇ ਹਜ਼ਾਰਾਂ ਜਵਾਨ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਚੀਨੀ ਫੌਜ ਜਲਦੀ ਹੀ LAC ਤੋਂ ਪਿੱਛੇ ਹਟਣ ਲਈ ਤਿਆਰ ਨਹੀਂ ਹਨ । ਇਸ ਲਈ ਅਸੀਂ ਲੰਬੇ ਸਮੇਂ ਲਈ ਤਿਆਰੀ ਕਰ ਰਹੇ ਹਾਂ।
ਦਰਅਸਲ, ਇਸ ਸਾਲ ਮਈ ਤੋਂ ਭਾਰਤ ਨੇ LAC ਦੇ ਫਾਰਵਰਡ ਖੇਤਰਾਂ ਵਿੱਚ ਤਿੰਨ ਗੁਣਾ ਵਧੇਰੇ ਜਵਾਨ ਤਾਇਨਾਤ ਕੀਤੇ ਹਨ। ਜ਼ਿਆਦਾਤਰ ਖੇਤਰ 15 ਹਜ਼ਾਰ ਫੁੱਟ ਦੀ ਉਚਾਈ ‘ਤੇ ਹਨ। ਬਰਫਬਾਰੀ ਕਾਰਨ ਨਵੰਬਰ ਤੋਂ ਬਾਅਦ ਇੱਥੇ ਆਉਣਾ ਇੱਕ ਮੁਸ਼ਕਲ ਚੁਣੌਤੀ ਹੁੰਦੀ ਹੈ। ਆਮ ਤੌਰ ‘ਤੇ ਉੱਤਰ ਭਾਰਤ ਤੋਂ ਟਰੱਕ ਰਾਹੀਂ ਇੱਥੇ ਸਮਾਨ ਦੋ ਰਸਤਿਆਂ ਨਾਲ ਭੇਜਿਆ ਜਾਂਦਾ ਹੈ। ਪਹਿਲਾਂ ਜੋਜ਼ੀ ਲਾ ਪਾਸ ਹੁੰਦੇ ਹੋਏ ਸ਼੍ਰੀਨਗਰ ਤੋਂ ਲੱਦਾਖ ਅਤੇ ਦੂਜਾ ਰਸਤਾ ਰੋਹਤਾਂਗ ਪਾਸ ਹੁੰਦੇ ਹੋਏ ਮਨਾਲੀ। ਇਹ ਰਸਤੇ ਸਿਰਫ ਮਈ ਤੋਂ ਅਕਤੂਬਰ ਤੱਕ ਖੁੱਲ੍ਹੇ ਰਹਿੰਦੇ ਹਨ।
ਦੱਸ ਦੇਈਏ ਕਿ ਚੀਨ ਅਜੇ ਵੀ ਭਾਰਤੀ ਇਲਾਕਿਆਂ ਵਿੱਚ ਆਪਣੀ ਫੌਜ ਨਾਲ ਡਟਿਆ ਹੋਇਆ ਹੈ ਅਤੇ ਉੱਥੋਂ ਵਾਪਸ ਜਾਣ ਦਾ ਨਾਮ ਨਹੀਂ ਲੈ ਰਿਹਾ ਹੈ। ਤਕਰੀਬਨ ਢਾਈ ਮਹੀਨੇ ਤੋਂ ਜ਼ਿਆਦਾ ਹੋ ਗਿਆ। ਮੇਜਰ ਜਨਰਲ ਦੇ ਪੱਧਰ ‘ਤੇ ਦਰਜਨਾਂ ਮੀਟਿੰਗਾਂ ਹੋ ਚੁੱਕੀਆਂ ਹਨ, ਕੋਰ ਕਮਾਂਡਰ ਪੱਧਰ ‘ਤੇ ਚਾਰ ਮੀਟਿੰਗਾਂ ਵੀ ਹੋਈਆਂ ਹਨ, ਪਰ ਅਜੇ ਵੀ ਜ਼ਮੀਨੀ ਤੌਰ ‘ਤੇ ਕੋਈ ਠੋਸ ਤਬਦੀਲੀ ਨਹੀਂ ਹੋਈ ਹੈ।