Clashes Between India China Forces: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਸੋਮਵਾਰ ਦੇਰ ਰਾਤ ਲੱਦਾਖ ਬਾਰਡਰ ‘ਤੇ ਦੋਵਾਂ ਫੌਜਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਭਾਰਤੀ ਫੌਜ ਦਾ ਇੱਕ ਅਧਿਕਾਰੀ ਅਤੇ ਦੋ ਜਵਾਨ ਸ਼ਹੀਦ ਹੋ ਗਏ। ਫੌਜ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, ‘ਗਲਵਾਨ ਘਾਟੀ ਵਿੱਚ ਡੀ-ਏਸਕੇਲਿਸ਼ਨ ਪ੍ਰਕਿਰਿਆ ਦੌਰਾਨ ਬੀਤੀ ਰਾਤ ਦੋਵੇਂ ਫੌਜਾਂ ਆਹਮੋ-ਸਾਹਮਣੇ ਹੋ ਗਈਆਂ, ਜਿਸ ਵਿੱਚ ਸਾਡੇ ਜਵਾਨ ਸ਼ਹੀਦ ਹੋ ਗਏ । ਇਨ੍ਹਾਂ ਵਿੱਚ ਭਾਰਤੀ ਸੈਨਾ ਇੱਕ ਅਧਿਕਾਰੀ ਅਤੇ ਦੋ ਜਵਾਨ ਸ਼ਾਮਿਲ ਹਨ। ਮੌਜੂਦਾ ਤਣਾਅ ਨੂੰ ਘਟਾਉਣ ਲਈ ਦੋਵੇਂ ਪਾਸਿਆਂ ਦੇ ਸੀਨੀਅਰ ਮਿਲਟਰੀ ਅਧਿਕਾਰੀ ਬੈਠਕ ਕਰ ਰਹੇ ਹਨ।

ਪਿਛਲੇ ਮਹੀਨੇ ਦੀ ਸ਼ੁਰੂਆਤ ਵਿੱਚ ਗਤਿਰੋਧ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਫੌਜ ਲੀਡਰਸ਼ਿਪ ਨੇ ਫੈਸਲਾ ਲਿਆ ਕਿ ਭਾਰਤੀ ਫੌਜ ਪੈਨਗੋਂਗ ਸੋ, ਗਲਵਾਨ ਘਾਟੀ, ਡੈਮਚੋਕ ਅਤੇ ਦੌਲਤ ਬੇਗ ਓਲਦੀ ਦੇ ਸਾਰੇ ਵਿਵਾਦਿਤ ਖੇਤਰਾਂ ਵਿੱਚ ਚੀਨੀ ਫੌਜਾਂ ਦੀ ਹਮਲਾਵਰ ਸ਼ੈਲੀ ਨਾਲ ਨਜਿੱਠਣ ਲਈ ਸਖਤ ਰੁਖ ਅਪਣਾਉਣਗੇ ।

ਦੱਸ ਦੇਈਏ ਕਿ ਚੀਨੀ ਫੌਜ ਐਲਏਸੀ ਨਾਲ ਹੌਲੀ-ਹੌਲੀ ਆਪਣੇ ਰਣਨੀਤਕ ਭੰਡਾਰਾਂ ਨੂੰ ਵਧਾ ਰਹੀ ਹੈ ਅਤੇ ਤੋਪਾਂ ਅਤੇ ਹੋਰ ਭਾਰੀ ਫੌਜੀ ਉਪਕਰਣ ਉੱਥੇ ਲੈ ਕੇ ਆਈ ਹੈ। ਵਰਤਮਾਨ ਰੁਕਾਵਟ ਨੂੰ ਪੈਨਗੋਂਗ ਸੂ ਝੀਲ ਦੇ ਆਸਪਾਸ ਫਿੰਗਰ ਖੇਤਰ ਵਿੱਚ ਇੱਕ ਮਹੱਤਵਪੂਰਨ ਸੜਕ ਦੇ ਨਿਰਮਾਣ ਦੇ ਲਈ ਚੀਨ ਵੱਲੋਂ ਕੀਤੇ ਗਏ ਤਿੱਖੇ ਵਿਰੋਧ ਕਾਰਨ ਸ਼ੁਰੂ ਹੋਇਆ ਹੈ । ਇਸ ਤੋਂ ਇਲਾਵਾ ਗਲਵਾਨ ਘਾਟੀ ਵਿੱਚ ਦਰਬੁਕ-ਸ਼ਯੋਕ-ਦੌਲਤ ਬੇਗ ਓਲਡੀ ਨੂੰ ਜੋੜਨ ਵਾਲੀ ਇੱਕ ਹੋਰ ਸੜਕ ਦੇ ਨਿਰਮਾਣ ਦਾ ਵੀ ਚੀਨ ਵਿਰੋਧ ਕਰ ਰਿਹਾ ਹੈ।