ਟਵਿੱਟਰ ਅਤੇ ਕਾਂਗਰਸ ਵਿਚਾਲੇ ਲਗਾਤਾਰ ਟਕਰਾਅ ਵੱਧਦਾ ਜਾਂ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਅਕਾਊਂਟ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਟਵਿੱਟਰ ਅਕਾਊਂਟ ਨੂੰ ਵੀ ਲਾਕ ਕਰ ਦਿੱਤਾ ਗਿਆ ਹੈ।
ਵੀਰਵਾਰ ਨੂੰ, ਕਾਂਗਰਸ ਦੁਆਰਾ ਇਹ ਦੋਸ਼ ਲਗਾਇਆ ਗਿਆ ਹੈ ਕਿ ਉਸ ਦੇ ਟਵਿੱਟਰ ਅਕਾਊਂਟ ਨੂੰ ਲੌਕ ਕਰ ਦਿੱਤਾ ਗਿਆ ਹੈ, ਪਰ ਅਸੀਂ ਆਪਣੀ ਲੜਾਈ ਜਾਰੀ ਰੱਖਾਂਗੇ। ਇਹ ਜਾਣਕਾਰੀ ਕਾਂਗਰਸ ਨੇ ਫੇਸਬੁੱਕ ‘ਤੇ ਦਿੱਤੀ ਹੈ। ਕਾਂਗਰਸ ਨੇ ਲਿਖਿਆ ਹੈ ਕਿ ਜਦੋਂ ਸਾਡੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ, ਅਸੀਂ ਓਦੋਂ ਨਹੀਂ ਡਰੇ, ਤਾਂ ਹੁਣ ਟਵਿੱਟਰ ਅਕਾਊਂਟ ਬੰਦ ਕਰਨ ‘ਤੇ ਕੀ ਡਰਾਂਗੇ। ਅਸੀਂ ਕਾਂਗਰਸ ਹਾਂ, ਇਹ ਲੋਕਾਂ ਦਾ ਸੰਦੇਸ਼ ਹੈ, ਅਸੀਂ ਲੜਾਂਗੇ, ਲੜਦੇ ਰਹਾਂਗੇ। ਕਾਂਗਰਸ ਵੱਲੋਂ ਕਿਹਾ ਗਿਆ ਹੈ ਕਿ ਜੇ ਬਲਾਤਕਾਰ ਪੀੜਤ ਲੜਕੀ ਨੂੰ ਨਿਆਂ ਦਿਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨਾ ਅਪਰਾਧ ਹੈ, ਤਾਂ ਅਸੀਂ ਇਸ ਅਪਰਾਧ ਨੂੰ ਸੌ ਵਾਰ ਕਰਾਂਗੇ। ਜੈ ਹਿੰਦ, ਸੱਤਿਆਮੇਵ ਜਯਤੇ।
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਇੱਕ ਨੌ ਸਾਲ ਦੀ ਬੱਚੀ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਬਾਅਦ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਉਸ ਦੇ ਪਰਿਵਾਰ ਨੂੰ ਮਿਲੇ ਸਨ। ਇਸ ਮੁਲਾਕਾਤ ਦੀ ਤਸਵੀਰ ਰਾਹੁਲ ਗਾਂਧੀ ਨੇ ਟਵਿੱਟਰ ‘ਤੇ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਰਾਹੁਲ ਗਾਂਧੀ ਦੇ ਖਾਤੇ ਨੂੰ ਪਹਿਲਾਂ ਮੁਅੱਤਲ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਇਸਨੂੰ ਲਾਕ ਕਰ ਦਿੱਤਾ ਗਿਆ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਤੋਂ ਇਲਾਵਾ ਕਈ ਹੋਰ ਕਾਂਗਰਸੀ ਨੇਤਾਵਾਂ ਦੇ ਖਾਤੇ ਵੀ ਬੰਦ ਸਨ, ਜਿਨ੍ਹਾਂ ਵਿੱਚ ਰਣਦੀਪ ਸੁਰਜੇਵਾਲਾ, ਅਜੇ ਮਾਕਨ, ਸੁਸ਼ਮਿਤਾ ਦੇਵ ਅਤੇ ਕੁੱਝ ਹੋਰ ਨੇਤਾ ਸ਼ਾਮਿਲ ਹਨ। ਕਾਂਗਰਸ ਇਸ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰ ਰਹੀ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਟਵਿੱਟਰ ਦੁਆਰਾ ਸਰਕਾਰ ਦੇ ਦਬਾਅ ਹੇਠ ਅਜਿਹੀ ਕਾਰਵਾਈ ਕੀਤੀ ਗਈ ਹੈ। ਹਾਲ ਹੀ ਵਿੱਚ ਯੂਥ ਕਾਂਗਰਸ ਨੇ ਵੀ ਦਿੱਲੀ ਵਿੱਚ ਟਵਿੱਟਰ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ।
ਇਹ ਵੀ ਦੇਖੋ : ਰਾਤੋਂ-ਰਾਤ ਅੱਗ ਵਾਂਗ ਫੈਲ ਗਈ Video ਤੇ ਵਿਛੜ ਗਏ ਮੁੰਡੇ ਨੂੰ ਮਿਲ ਗਈ ਉਸਦੀ ਮਾਂ…